ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੱਚਿਆਂ ਨੂੰ ਮੌਤ ਦੇ ਮੂੰਹ ’ਚੋਂ ਲੰਘ ਕੇ ਜਾਣਾ ਪੈਂਦਾ ਹੈ ਸਕੂਲ

ਜਲਾਲਾਬਾਦ ਦੇ ਸਰਕਾਰੀ ਪ੍ਰਾਇਮਰੀ ਕੋਠੀ ਸਕੂਲ ਅੱਗੇ ੲਿਕੱਠਾ ਹੋਇਆ ਸੀਵਰੇਜ ਦਾ ਪਾਣੀ
ਸਰਕਾਰੀ ਪ੍ਰਾਇਮਰੀ ਕੋਠੀ ਸਕੂਲ ਅੱਗੇ ਖੜ੍ਹੇ ਗੰਦੇ ਪਾਣੀ ’ਚੋਂ ਲੰਘਦੇ ਹੋਏ ਬੱਚੇ ਤੇ ਅਧਿਆਪਕ।
Advertisement

ਪਰਮਜੀਤ ਸਿੰਘ

ਜ਼ਿਲ੍ਹੇ ਦੇ ਸ਼ਹਿਰ ਜਲਾਲਾਬਾਦ ਦੇ ਸਰਕਾਰੀ ਪ੍ਰਾਇਮਰੀ ਕੋਠੀ ਸਕੂਲ ਦੇ ਗੇਟ ਦੇ ਸਾਹਮਣੇ ਕਈ ਸਾਲਾਂ ਤੋਂ ਸੀਵਰੇਜ ਦੇ ਦੂਸ਼ਿਤ ਪਾਣੀ ਤੇ ਖੁੱਲ੍ਹੇ ਪਏ ਸੀਵਰੇਜ ਮੈਨਹੋਲਾਂ ਦੀ ਸਮੱਸਿਆ ਬਣੀ ਹੋਈ, ਜਿਸ ਕਾਰਨ ਇੱਥੇ ਪੜ੍ਹਦੇ ਬੱਚੇ, ਉਨ੍ਹਾਂ ਨੂੰ ਛੱਡਣ ਆਉਂਦੇ ਮਾਪੇ ਅਤੇ ਅਧਿਆਪਕ ਗੰਦੇ ਪਾਣੀ ਵਿਚੋਂ ਲੰਘ ਕੇ ਸਕੂਲ ਆਉਣ-ਜਾਣ ਲਈ ਮਜਬੂਰ ਹਨ। ਇਨ੍ਹਾਂ ਸਮੱਸਿਆਵਾਂ ਕਾਰਨ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ।

Advertisement

ਮੌਕੇ ’ਤੇ ਮੌਜੂਦ ਅਧਿਆਪਕਾਂ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਸਮੱਸਿਆ ਕਈ ਸਾਲਾਂ ਤੋਂ ਚੱਲ ਰਹੀ ਹੈ, ਜਿਸ ਸਬੰਧੀ ਉਹ ਕਈ ਵਾਰ ਲਿਖਤੀ ਦਰਖਾਸਤਾਂ ਸਿੱਖਿਆ ਵਿਭਾਗ, ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਜਲਾਲਾਬਾਦ ਨੂੰ ਦੇ ਚੁੱਕੇ ਹਨ, ਪਰ ਸਥਾਨਕ ਸਿਵਲ ਪ੍ਰਸ਼ਾਸਨ, ਨਗਰ ਕੌਂਸਲ ਤੇ ਲਗਾਤਾਰ ਰਾਜ ਕਰ ਰਹੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਇਸ ਪਾਸੇ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਖੁੱਲ੍ਹੇ ਸੀਵਰੇਜ ਹੋਲਾਂ ਕਾਰਨ ਉਨ੍ਹਾਂ ਦੇ ਬੱਚੇ ਸੁਰੱਖਿਅਤ ਨਹੀਂ ਹਨ। ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਕਈ ਵਾਰ ਸੀਵਰੇਜ ਵਿੱਚ ਡਿੱਗ ਚੁੱਕੇ ਹਨ। ਇੱਕ ਬੱਚੀ ਦੇ ਪਿਤਾ ਵੀਰ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਬੱਚੇ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਨਗਰ ਕੌਂਸਲ ਦੀ ਹੋਵੇਗੀ। ਦੂਜੇ ਪਾਸੇ ਇਸ ਮੁੱਦੇ ਦਾ ਨੋਟਿਸ ਲੈਂਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐੱਸਐੱਫ) ਤੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂਆਂ ਨੇ ਸਖਤ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਹੈ। ਏਆਈਐੱਸਐੱਫ ਦੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਤੇ ਨੌਜਵਾਨ ਸਭਾ ਦੇ ਬਲਾਕ ਪ੍ਰਧਾਨ ਅਸ਼ੋਕ ਢਾਬਾਂ ਨੇ ਕਿਹਾ ਕਿ ਜੇਕਰ ਇੱਕ ਹਫ਼ਤੇ ’ਚ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੀਵਰੇਜ ਦਾ ਦੂਸ਼ਿਤ ਪਾਣੀ ਇਕੱਠਾ ਕਰਕੇ ਵਿਧਾਇਕ ਦੀ ਕੋਠੀ, ਐੱਸਡੀਐੱਮ ਦੇ ਦਫ਼ਤਰ ਅਤੇ ਨਗਰ ਕੌਂਸਲ ਦੇ ਦਫ਼ਤਰ ’ਚ ਲਿਜਾ ਕੇ ਡੋਲ੍ਹਿਆ ਜਾਵੇਗਾ।

ਵਿਧਾਇਕ ਗੋਲਡੀ ਵੱਲੋਂ ਮਸਲੇ ਦੇ ਹੱਲ ਦਾ ਭਰੋਸਾ

ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਸਕੂਲ ਦੇ ਗੇਟ ਦੂਸ਼ਿਤ ਪਾਣੀ ਦੀ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਆਈ ਹੈ ਅਤੇ ਉਹ ਨਗਰ ਕੌਂਸਲ ਦਫਤਰ ਜਾ ਕੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ।

Advertisement