ਮੁੱਖ ਮੰਤਰੀ ਵੱਲੋਂ ਹਾਕੀ ਦੀ ਸ਼ਾਨ ਬਹਾਲ ਕਰਨ ਦਾ ਪ੍ਰਣ
‘ਪੰਜਾਬ ਹਾਕੀ ਲੀਗ’ ਦੇ ਫਾਈਨਲ ’ਚ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਪੁੱਜੇ ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ। ਅੱਜ ਇੱਥੇ ‘ਪੰਜਾਬ ਹਾਕੀ ਲੀਗ 2025’ ਦੇ ਫਾਈਨਲ ਮੈਚ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਪਹਿਲੀ ਜੂਨੀਅਰ ਹਾਕੀ ਲੀਗ ਪੰਜਾਬ ਹਾਕੀ ਅਤੇ ਰਾਊਂਡ ਗਲਾਸ ਅਕਾਦਮੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਹਾਕੀ ਦੇ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੀ ਲੀਗ ਹੈ। ਇਹ ਲੀਗ ਮੁਹਾਲੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਦੇ ਫਾਈਨਲ ਮੁਕਾਬਲੇ ਜਲੰਧਰ ਵਿੱਚ ਖੇਡੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਖਿਡਾਰੀਆਂ ਲਈ ਵੱਖ-ਵੱਖ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਦੇਸ਼ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ। ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਮੌਕਾ ਹੈ, ਕਿਉਂਕਿ ਇੱਥੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਪੰਜਾਬ ਦੇ ਮਹਾਨ ਹਾਕੀ ਖਿਡਾਰੀ ਇਕੱਠੇ ਹੋਏ ਹਨ। ਲੀਗ ਦੀ ਇਹ ਖਾਸ ਗੱਲ ਹੈ ਕਿ ਇੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟੀਮਾਂ ਖੇਡਣ ਆਈਆਂ ਹਨ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਸਪੋਰਟਸ ਕੈਪੀਟਲ ਕਿਹਾ ਜਾਂਦਾ ਹੈ ਅਤੇ ਬਰਲਟਨ ਪਾਰਕ, ਸੁਰਜੀਤ ਹਾਕੀ ਸਟੇਡੀਅਮ ਅਤੇ ਸਪੋਰਟਸ ਕਾਲਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਉਨ੍ਹਾਂ ਕਿਹਾ ਕਿ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਵਿੱਚ ਚਾਰ ਖਿਡਾਰੀ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਸੁਖਜੀਤ ਸਿੰਘ ਜਲੰਧਰ ਤੋਂ ਸਨ।