ਮੁੱਖ ਮੰਤਰੀ ਵੱਲੋਂ ਅਬੋਹਰ ’ਚ 119 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ
ਪੰਕਜ ਕੁਮਾਰ
ਅਬੋਹਰ, 5 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਬੋਹਰ ਸ਼ਹਿਰ ਵਿੱਚ ਅੱਜ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਇਸ ਉਦਘਾਟਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਹਰ ਸ਼ਹਿਰ ਨੂੰ ਮੁੱਢਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 119.16 ਕਰੋੜ ਰੁਪਏ ਦੀ ਲਾਗਤ ਵਾਲੇ ਇਨ੍ਹਾਂ ਪ੍ਰਾਜੈਕਟਾਂ ਨਾਲ ਸ਼ਹਿਰ ਦੇ 1.5 ਲੱਖ ਤੋਂ ਵੱਧ ਬਾਸ਼ਿੰਦਿਆਂ ਨੂੰ ਸਾਫ਼ ਪਾਣੀ ਦੀ ਨਿਰੰਤਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ 3.50 ਐੱਮਜੀਡੀ ਦੀ ਸਮਰੱਥਾ ਵਾਲਾ ਆਟੋਮੈਟਿਕ ਜਲ ਸਪਲਾਈ ਪ੍ਰਾਜੈਕਟ ਨਹਿਰੀ ਪਾਣੀ ਦੀ ਸਪਲਾਈ ਕਰੇਗਾ। 27.06 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਅਬੋਹਰ ਸ਼ਹਿਰ ਦੀ 100 ਫ਼ੀਸਦੀ ਵਸੋਂ ਦੀ ਪਾਣੀ ਦੀ ਜ਼ਰੂਰਤ ਪੂਰੀ ਕਰੇਗਾ। ਉਨ੍ਹਾਂ ਕਿਹਾ ਕਿ 92.10 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਪ੍ਰਾਜੈਕਟ ਸਮੁੱਚੇ ਸ਼ਹਿਰ ਨੂੰ ਸਹੂਲਤ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਪ੍ਰਾਜੈਕਟ ਸਮੁੱਚੇ ਸਰਹੱਦੀ ਇਲਾਕੇ ਖ਼ਾਸ ਕਰ ਕੇ ਅਬੋਹਰ ਵਿੱਚ ਤਰੱਕੀ ਤੇ ਖ਼ੁਸ਼ਹਾਲੀ ਲਿਆਉਣ ਵਿੱਚ ਸਹਾਈ ਹੋਣਗੇ।
ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਹਲਕਾ ਇੰਚਾਰਜ ਅਰੁਣ ਨਾਰੰਗ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਆਖਿਆ।
ਬੱਲੂਆਣਾ ਨੂੰ ਮਿਲਿਆ ਪਹਿਲਾ ਸਰਕਾਰੀ ਡਿਗਰੀ ਕਾਲਜ
ਬੱਲੂਆਣਾ/ ਫਾਜ਼ਿਲਕਾ (ਰਾਜਿੰਦਰ ਕੁਮਾਰ/ ਪਰਮਜੀਤ ਸਿੰਘ):
ਆਜ਼ਾਦੀ ਦੇ 77 ਸਾਲਾਂ ਬਾਅਦ ਅੱਜ ਵਿਧਾਨ ਸਭਾ ਹਲਕੇ ਬੱਲੂਆਣਾ ਨੂੰ ਪਹਿਲਾ ਸਰਕਾਰੀ ਕਾਲਜ ਪ੍ਰਾਪਤ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਖੇਤਰ ਵਿੱਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਸਰਕਾਰੀ ਡਿਗਰੀ ਕਾਲਜ ਸੁਖਚੈਨ ਲੋਕਾਂ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟਾਇਆ ਕਿ ਪਿਛਲੀਆਂ ਸਰਕਾਰਾਂ ਨੇ ਇਸ ਖੇਤਰ ਵਿੱਚ ਅਜਿਹੇ ਅਦਾਰੇ ਸਥਾਪਤ ਕਰਨ ਬਾਰੇ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਇਹ 15.50 ਕਰੋੜ ਰੁਪਏ ਦੀ ਲਾਗਤ ਨਾਲ ਕਾਲਜ ਆਜ਼ਾਦੀ ਦੇ 77 ਸਾਲਾਂ ਬਾਅਦ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਦੀ ਭਲਾਈ ਲਈ ਸਿੱਖਿਆ ਖੇਤਰ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਕਾਲਜ ਲਈ ਅਧਿਆਪਕਾਂ ਦੀਆਂ 9 ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ ’ਤੇ ਵਧਾਉਣ ਦੀ ਯੋਜਨਾ ਉਲੀਕੀ ਗਈ ਹੈ। ਮੁੱਖ ਮੰਤਰੀ ਨੇ ਬੱਲੂਆਣਾ ਵਿਖੇ ਇੰਜਨੀਅਰ ਆਫ਼ ਨਹਿਰੀ ਡਵੀਜ਼ਨ ਦਾ ਦਫ਼ਤਰ ਬਰਕਰਾਰ ਰੱਖਣ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਸੰਬੋਧਨ ਕੀਤਾ।
ਹੁਸੈਨੀਵਾਲਾ ਸਰਹੱਦ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਾਂਗੇ: ਮਾਨ
ਫ਼ਿਰੋਜ਼ਪੁਰ (ਸੰਜੀਵ ਹਾਂਡਾ):
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਹਿਲੀ ਵਾਰ ਇੱਥੇ ਹੁਸੈਨੀਵਾਲਾ ਸਰਹੱਦ ’ਤੇ ਰੀਟਰੀਟ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮਗਰੋਂ ਭਗਵੰਤ ਮਾਨ ਨੇ ਬੀਐੱਸਐੱਫ਼ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਇਤਿਹਾਸਕ ਸਥਾਨ ਨੂੰ ਨਵਾਂ ਰੂਪ ਦੇਣ ਲਈ ਵਿਸਥਾਰਤ ਪ੍ਰਸਤਾਵ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਪਵਿੱਤਰ ਸਥਾਨ ਦੇ ਵਿਆਪਕ ਵਿਕਾਸ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਥਾਨ ਨੂੰ ਆਧੁਨਿਕ ਢੰਗ ਨਾਲ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਵਿੱਚ ਸੈਲਾਨੀਆਂ ਦੇ ਆਕਰਸ਼ਣ ਦੀ ਵੱਡੀ ਸੰਭਾਵਨਾ ਹੈ,ਇਸ ਲਈ ਇਸ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਥਾਨ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਿਚ ਅਜਾਇਬ ਘਰ ਹੈ ਜਿੱਥੇ ਉਹ ਪਿਸਤੌਲ ਪ੍ਰਦਰਸ਼ਿਤ ਕੀਤਾ ਗਿਆ ਹੈ ਜਿਸ ਦੀ ਵਰਤੋਂ ਮਹਾਨ ਸ਼ਹੀਦ ਭਗਤ ਸਿੰਘ ਨੇ ਸੈਂਡਰਸ ਨੂੰ ਮਾਰਨ ਲਈ ਕੀਤੀ ਸੀ।