ਆਪਣੀ ਮਰਿਆਦਾ ਭੁੱਲੇ ਮੁੱਖ ਮੰਤਰੀ: ਜਾਖੜ
ਆਤਿਸ਼ ਗੁਪਤਾ
ਚੰਡੀਗੜ੍ਹ, 11 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਕੀਤੀਆਂ ਟਿੱਪਣੀਆਂ ਵਿਰੁੱਧ ਪੰਜਾਬ ਭਾਜਪਾ ਦੇ ਕਈ ਆਗੂ ਨਿੱਤਰ ਆਏ ਹਨ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਮਰਿਆਦਾ ਭੁੱਲ ਚੁੱਕੇ ਹਨ। ਉਹ ਆਪਣੇ ਬੋਲਾਂ ਨਾਲ ਮੁੱਖ ਮੰਤਰੀ ਦੇ ਅਹੁਦੇ ਦੇ ਮਾਣ ਨੂੰ ਠੇਸ ਪਹੁੰਚਾ ਰਹੇ ਹਨ।
ਸ੍ਰੀ ਜਾਖੜ ਨੇ ਐਕਸ ’ਤੇ ਲਿਖਿਆ ਕਿ ‘ਮੁੱਖ ਮੰਤਰੀ ਭਗਵੰਤ ਮਾਨ ਜੀ, ਤੁਹਾਡੇ ਤੋਂ ਬਿਹਤਰ ਇਹ ਕੌਣ ਜਾਣਦਾ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਪਰਛਾਵਾਂ ਉਸ ਦੇ ਕੱਦ ਤੋਂ ਵੱਡੀ ਹੋਣ ਲੱਗੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸੂਰਜ ਡੁੱਬਣ ਵਾਲਾ ਹੈ ਤੇ ਜਦੋਂ ਕਿਸੇ ਵਿਅਕਤੀ ਦੀ ਜ਼ੁਬਾਨ ਲੰਬੀ ਹੋਣ ਲੱਗੇ ਤਾਂ ਇਸ ਦਾ ਅਰਥ ਹੁੰਦਾ ਹੈ ਕਿ ਉਸ ਵਿਅਕਤੀ ਦੇ ਪਤਨ ਦਾ ਸਮਾਂ ਆ ਗਿਆ ਹੈ।’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਬਿੱਟੂ ਵੱਲੋਂ ਕੇਸ ਦਰਜ ਕਰਨ ਦੀ ਮੰਗ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਟਿੱਪਣੀਆਂ ਨੂੰ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਸ੍ਰੀ ਬਿੱਟੂ ਨੇ ਦੋਸ਼ ਲਗਾਇਆ ਕਿ ਸ੍ਰੀ ਮਾਨ ਵਾਰ-ਵਾਰ ਰਾਜਨੀਤਿਕ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਾਨੂੰਨੀ ਏਜੰਸੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਮਾਨ ਦੀ ਟਿੱਪਣੀ ਨੂੰ ਗੰਭੀਰਤਾ ਨਾਲ ਲੈਣ ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ।