DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਖ ਮੰਤਰੀ ਨੇ ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਵੰਡਾਇਆ

ਪੰਜਾਬੀ ਕਾਮੇਡੀ ਦੇ ਯੁੱਗ ਦਾ ਅੰਤ ਹੋ ਗਿਆ ਹੈ: ਭਗਵੰਤ ਮਾਨ
  • fb
  • twitter
  • whatsapp
  • whatsapp
featured-img featured-img
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਅਦਾਕਾਰ, ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਅੱਜ ਸ਼ਾਮ ਜਸਵਿੰਦਰ ਭੱਲਾ ਦੇ ਘਰ ਪੁੱਜੇ ਮੁੱਖ ਮੰਤਰੀ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਉੱਘੇ ਕਾਮੇਡੀਅਨ ਦੇ ਦੇਹਾਂਤ ਨੂੰ ਕਲਾ, ਸਾਹਿਤ, ਸੱਭਿਆਚਾਰ ਅਤੇ ਸਿਨੇਮਾ ਦੀ ਦੁਨੀਆ ਲਈ ਵੱਡਾ ਘਾਟਾ ਦੱਸਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਵੱਡਾ ਨਿੱਜੀ ਘਾਟਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਸਵਿੰਦਰ ਭੱਲਾ ਨੇ ਖਰਾਬ ਸਿਹਤ ਦੇ ਬਾਵਜੂਦ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਸਰਗਰਮੀ ਦਿਖਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਸਵਿੰਦਰ ਭੱਲਾ ਨੇ ਆਪਣੇ ਆਖ਼ਰੀ ਸਾਹ ਤੱਕ ਦੁਨੀਆ ਭਰ ਵਿੱਚ ਪੰਜਾਬੀ ਕਾਮੇਡੀ, ਸਿਨੇਮਾ ਅਤੇ ਸੱਭਿਆਚਾਰ ਦਾ ਝੰਡਾ ਬੁਲੰਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਸਵਿੰਦਰ ਭੱਲਾ ਦੀ ਮੌਤ ਨਾਲ ਪੰਜਾਬੀ ਕਾਮੇਡੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ।

Advertisement

ਪੰਜਾਬੀ ਕਲਾਕਾਰਾਂ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜੱਸੀ ਗਿੱਲ, ਜਰਨੈਲ ਘੁਮਾਣ, ਜਰਨੈਲ ਸਿੰਘ, ਹੈਪੀ ਰਾਏਕੋਟੀ, ਪ੍ਰੀਤ ਹਰਪਾਲ, ਨਰੇਸ਼ ਕਥੂਰੀਆ, ਦੀਪਕ ਬਾਲੀ, ਕਰਮਜੀਤ ਅਨਮੋਲ, ਮਲਕੀਤ ਰੌਣੀ ਅਤੇ ਹੋਰ ਦਰਜਨਾਂ ਕਲਾਕਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੰਜਾਬੀ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਬੀਐੱਨ ਸ਼ਰਮਾ, ਸ਼ਿਵੰਦਰ ਮਾਹਲ, ਨਿਰਮਲ ਰਿਸ਼ੀ ਨੇ ਵੀ ਦੁੱਖ ਪ੍ਰਗਟਾਇਆ।

ਪ੍ਰਤਾਪ ਬਾਜਵਾ ਸਣੇ ਕਈ ਸਿਆਸਤਦਾਨ ਵੀ ਪਰਿਵਾਰ ਨੂੰ ਮਿਲੇ

ਸ਼ਾਮ ਸਮੇਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਜਸਵਿੰਦਰ ਭੱਲਾ ਦੇ ਦਿਹਾਂਤ ’ਤੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ 1992-93 ਤੋਂ ਉਨ੍ਹਾਂ ਨਾਲ ਨਿੱਜੀ ਸਾਂਝ ਸੀ ਅਤੇ ਉਨ੍ਹਾਂ ਦੇ ਜਾਣ ਨਾਲ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸੇ ਤਰਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਪੰਜਾਬ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਬਾਲ ਮੁਕੰਦ ਸ਼ਰਮਾ, ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ, ਸੰਜੀਵ ਵਸ਼ਿਸ਼ਠ, ਲਖਵਿੰਦਰ ਕੌਰ ਗਰਚਾ, ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਪਰਮਜੀਤ ਸਿੰਘ ਕਾਹਲੋਂ ਤੇ ਹੋਰ ਕਈ ਸ਼ਖ਼ਸੀਅਤਾਂ ਨੇ ਭੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Advertisement
×