ਚੇਤਨਾ ਕਨਵੈਨਸ਼ਨ: ਆੜ੍ਹਤੀਆਂ ਵੱਲੋਂ ਹੜਤਾਲ ’ਤੇ ਜਾਣ ਦੀ ਚਿਤਾਵਨੀ
ਝੋਨੇ ਦੇ ਚਾਲੂ ਸੀਜ਼ਨ ਵਿੱਚ ਨਵਾਂ ਸੰਕਟ ਖੜ੍ਹਾ ਹੋ ਸਕਦਾ ਹੈ। ਫੈੱਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਨੇ ਅੱਜ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿੱਚ ਸੂਬਾ ਪੱਧਰੀ ਚੇਤਨਾ ਕਨਵੈਨਸ਼ਨ ਦੌਰਾਨ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਸੂਬਾ ਪ੍ਰਧਾਨ ਵਿਜੇ ਕਾਲੜਾ...
ਝੋਨੇ ਦੇ ਚਾਲੂ ਸੀਜ਼ਨ ਵਿੱਚ ਨਵਾਂ ਸੰਕਟ ਖੜ੍ਹਾ ਹੋ ਸਕਦਾ ਹੈ। ਫੈੱਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਨੇ ਅੱਜ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿੱਚ ਸੂਬਾ ਪੱਧਰੀ ਚੇਤਨਾ ਕਨਵੈਨਸ਼ਨ ਦੌਰਾਨ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਪੰਜਾਬ ਭਰ ਤੋਂ ਪੁੱਜੇ ਆੜ੍ਹਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਤੇ ਕਾਰਗੁਜ਼ਾਰੀ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਪ੍ਰਧਾਨ ਕਾਲੜਾ ਨੇ ਐਲਾਨ ਕੀਤਾ ਕਿ ਜੇ ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਆੜ੍ਹਤ ਢਾਈ ਫ਼ੀਸਦ ਕਰਨ ਅਤੇ ਬਕਾਇਆ ਦੇਣ ਦਾ ਵਾਅਦਾ ਪੂਰਾ ਨਾ ਕੀਤਾ ਤਾਂ ਪੰਜਾਬ ਭਰ ਦੇ ਆੜ੍ਹਤੀ ਹੜਤਾਲ ਕਰਨਗੇ। ਜਗਰਾਉਂ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਮੰਚ ਸੰਚਾਲਨ ਆੜ੍ਹਤੀ ਆਗੂ ਅਪਾਰ ਸਿੰਘ ਨੇ ਕੀਤਾ।
ਸ੍ਰੀ ਕਾਲੜਾ ਨੇ ਐਲਾਨ ਕੀਤਾ ਕਿ ਝੋਨੇ ਦੇ ਸੀਜ਼ਨ ਵਿੱਚ ਸੂਬੇ ਦਾ ਇਕ ਵੀ ਆੜ੍ਹਤੀ ਇਸ ਵਾਰ ਨਮੀ, ਡੈਮੇਜ ਅਤੇ ਬਦਰੰਗ ਦੇ ਨਾਮ ’ਤੇ ਏਜੰਸੀਆਂ ਅਤੇ ਸ਼ੈੱਲਰਾਂ ਦੀ ਲੁੱਟ ਵਿੱਚ ਵਿਚੋਲਗੀ ਨਹੀਂ ਕਰੇਗਾ। ਪ੍ਰਧਾਨ ਕਾਲੜਾ ਨੇ ਕਿਹਾ ਕਿ ਖ਼ਰੀਦ ਏਜੰਸੀਆਂ ਪਹਿਲਾਂ ਹੀ ਝੋਨਾ ਸੋਚ ਸਮਝ ਕੇ ਨਿਯਮਾਂ ਅਨੁਸਾਰ ਖ਼ਰੀਦਣ। ਜੇ ਝੋਨਾ ਨਿਯਮਾਂ ਅਨੁਸਾਰ ਸਹੀ ਨਹੀਂ ਤਾਂ ਉਸ ਨੂੰ ਰੱਦ ਕਰਨ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਦਾਣਾ-ਦਾਣਾ ਖ਼ਰੀਦਣ ਦਾ ਦਾਅਵਾ ਕਰਦੀ ਹੈ ਤਾਂ ਫਿਰ ਝੋਨੇ ਵਿੱਚ ਖ਼ਾਮੀਆਂ ਕੱਢਣ ਵਾਲੀ ਏਜੰਸੀ ਖ਼ਿਲਾਫ਼ ਵੀ ਕਾਰਵਾਈ ਕਰੇ। ਉਨ੍ਹਾਂ ਨਾਲ ਹੀ ਖ਼ਰੀਦ ਏਜੰਸੀਆਂ ਵੱਲੋਂ ਝੋਨਾ ਖ਼ਰੀਦਣ ਤੋਂ ਬਾਅਦ ਆੜ੍ਹਤੀਆਂ ਤੋਂ ਸ਼ੌਰਟੇਜ ਲੈਣ ਨੂੰ ਇਸ ਵਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੰਡੀ ਵਿੱਚ ਟਰੱਕਾਂ ਦਾ ਠੇਕਾ ਲੈਣ ਵਾਲੇ ਠੇਕੇਦਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਤਾਂ ਕੋਈ ਵੀ ਆੜ੍ਹਤੀ ਇਸ ਵਾਰ ਆਪਣੇ ਪੱਧਰ ’ਤੇ ਝੋਨੇ ਦੀ ਚੁਕਾਈ ਨਹੀਂ ਕਰਵਾਏਗਾ। ਇਸ ਦੇ ਨਾਲ ਹੀ ਏਜੰਸੀਆਂ ਵੱਲੋਂ ਖ਼ਰੀਦਿਆ ਝੋਨਾ ਸ਼ੈੱਲਰਾਂ ਵੱਲੋਂ ਨਕਾਰ ਦੇਣ ’ਤੇ ਆੜ੍ਹਤੀ, ਕਿਸਾਨ ਅਤੇ ਸ਼ੈੱਲਰਾਂ ਵਾਲਿਆਂ ਵਿੱਚ ‘ਹਿੱਸਾ-ਪੱਤੀ’ ਲਈ ਵਿਚੋਲਗੀ ਨਹੀਂ ਕਰੇਗਾ। ਆਨਲਾਈਨ ਓ ਟੀ ਪੀ ਸਿਸਟਮ ਦਾ ਵੀ ਬਾਈਕਾਟ ਕਰਦਿਆਂ ਕਿਹਾ ਗਿਆ ਕਿ ਇਹ ਕੰਮ ਜਿਨ੍ਹਾਂ ਦਾ ਹੈ ਸਰਕਾਰ ਉਸ ਵਿਭਾਗ ਨੂੰ ਸੌਂਪੇ। ਹਾਜ਼ਰ ਆੜ੍ਹਤੀਆਂ ਨੇ ਇਨ੍ਹਾਂ ਮਤਿਆਂ ਨੂੰ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਕਨਵੈਨਸ਼ਨ ਨੂੰ ਸੂਬਾਈ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਕੰਵਲਜੀਤ ਸਿੰਘ ਮੱਲ੍ਹਾ, ਸੁਰਜੀਤ ਸਿੰਘ ਕਲੇਰ, ਰਾਜ ਕੁਮਾਰ ਭੱਲਾ ਆਦਿ ਨੇ ਵੀ ਸੰਬੋਧਨ ਕੀਤਾ।