ਵਿਧਾਨ ਸਭਾ ’ਚ ਜ਼ਮੀਨ ਮਾਮਲੇ ’ਤੇ ਚੀਮਾ ਤੇ ਬਾਜਵਾ ਆਹਮੋ-ਸਾਹਮਣੇ
ਸੱਕੀ ਨਾਲੇ ਦੀ ਸਫ਼ਾਈ ਮਾਮਲੇ ਦੀ ਸਦਨ ਵਿੱਚ ਗੂੰਜ; ਸਪੀਕਰ ਨੂੰ 10 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ
ਚਰਨਜੀਤ ਭੁੱਲਰ
ਪੰਜਾਬ ਵਿਧਾਨ ਸਭਾ ’ਚ ਅੱਜ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਬਹਿਸ ਹੋਈ। ਜਦੋਂ ਚੀਮਾ ਹੜ੍ਹਾਂ ’ਤੇ ਬਹਿਸ ਦੌਰਾਨ ਬਾਜਵਾ ਵੱਲੋਂ ਧੁੱਸੀ ਬੰਨ੍ਹ ਵਿੱਚ ਖ਼ਰੀਦ ਕੀਤੀ ਜ਼ਮੀਨ ਦੇ ਵੇਰਵੇ ਨਸ਼ਰ ਕਰਨ ਲੱਗੇ ਤਾਂ ਸਦਨ ’ਚ ਮਾਹੌਲ ਤਲਖ਼ੀ ਵਾਲਾ ਹੋ ਗਿਆ। ਬਾਜਵਾ ਨੇ ਫ਼ੌਰੀ ਖੜ੍ਹੇ ਕੇ ਇਸ ਦਾ ਵਿਰੋਧ ਕੀਤਾ ਅਤੇ ਚੀਮਾ ’ਤੇ ਪਲਟਵਾਰ ਵੀ ਕੀਤਾ। ਸੱਤਾਧਾਰੀ ਤੇ ਵਿਰੋਧੀ ਧਿਰ ਜਦ ਆਹਮੋ-ਸਾਹਮਣੇ ਹੋ ਗਈ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ 10 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਅਸਲ ’ਚ ਗੱਲ ਉਦੋਂ ਸ਼ੁਰੂ ਹੋਈ ਜਦੋਂ ‘ਆਪ’ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਤੱਕ ਸੱਕੀ ਨਾਲੇ ਦੀ ਸਫ਼ਾਈ ਦਾ ਦਾਅਵਾ ਕੀਤਾ। ਜਵਾਬ ਵਿੱਚ ਕਾਂਗਰਸ ਦੀ ਅਰੁਣਾ ਚੌਧਰੀ ਨੇ ਕਿਹਾ ਕਿ ਹਕੀਕਤ ’ਚ ਅਜਿਹਾ ਨਹੀਂ ਹੋਇਆ।
ਅਰੁਣਾ ਚੌਧਰੀ ਦੀ ਹਮਾਇਤ ’ਚ ਆਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਾਊਸ ਦੀ ਕਮੇਟੀ ਬਣਾ ਕੇ ਸੱਕੀ ਨਾਲੇ ਦਾ ਦੌਰਾ ਕਰ ਲਿਆ ਜਾਵੇ। ਇਸ ਰੌਲੇ ਰੱਪੇ ’ਚ ਹੀ ਵਿੱਤ ਮੰਤਰੀ ਚੀਮਾ ਖੜ੍ਹੇ ਹੋਏ। ਉਨ੍ਹਾਂ ਬਾਜਵਾ ਵੱਲੋਂ ਥੋੜ੍ਹਾ ਸਮਾਂ ਪਹਿਲਾਂ ਹੀ ਖ਼ਰੀਦ ਕੀਤੀ ਜ਼ਮੀਨ ਦੇ ਵੇਰਵੇ ਪੜ੍ਹਨੇ ਸ਼ੁਰੂ ਕਰ ਦਿੱਤੇ ਅਤੇ ਇਸ ਜ਼ਮੀਨ ਦਾ ਕੁੱਝ ਹਿੱਸਾ ਧੁੱਸੀ ਬੰਨ੍ਹ ਦੇ ਅੰਦਰ ਹੋਣ ਦੀ ਗੱਲ ਵੀ ਕਹੀ। ਚੀਮਾ ਨੇ ਕਿਹਾ ਕਿ ਬਾਜਵਾ ਪਰਿਵਾਰ ਵੱਲੋਂ 15 ਜੁਲਾਈ 2025 ਨੂੰ ਗੁਰਦਾਸਪੁਰ ਦੇ ਪਿੰਡ ਫੁਲੜਾ ’ਚ ਵਸੀਕਾ ਨੰਬਰ 560 ਤੇ 561 ਤਹਿਤ 16 ਕਨਾਲ 10 ਮਰਲਾ ਜ਼ਮੀਨ ਖ਼ਰੀਦ ਕੀਤੀ ਗਈ ਜੋ ਬਿਆਸ ਦਰਿਆ ਦੇ ਨਾਲ ਧੁੱਸੀ ਬੰਨ੍ਹ ਦੇ ਅੰਦਰ ਪੈਂਦੀ ਹੈ। ਚੀਮਾ ਨੇ ਕਿਹਾ ਕਿ ਦਰਿਆਵਾਂ ਦੇ ਅੰਦਰ ਖ਼ਰੀਦ ਕੀਤੀ ਜ਼ਮੀਨ ’ਚ ਹੁਣ ਰੇਤਾ ਆ ਗਿਆ ਜਿਸ ਤੋਂ ਕਮਾਈ ਦੀ ਝਾਕ ਰੱਖੀ ਗਈ। ਚੀਮਾ ਨੇ ਤਰਕ ਦਿੱਤਾ ਕਿ ਕਾਂਗਰਸੀ ਹਕੂਮਤ ਸਮੇਂ ਬਾਜਵਾ ਦੀ ਇਸ ਜ਼ਮੀਨ ਨੂੰ ਬਚਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਪੱਥਰ ਵੀ ਲਾਏ ਗਏ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਪਲਟਵਾਰ ਕਰਦਿਆਂ ਐਕਸਾਈਜ਼ ਘੁਟਾਲੇ ਦੀ ਗੱਲ ਛੇੜ ਦਿੱਤੀ ਅਤੇ ਚੀਮਾ ਨੂੰ ਸਿੱਧਾ ਨਿਸ਼ਾਨੇ ’ਤੇ ਲਿਆ।
ਪੰਜਾਬ ਵਿਧਾਨ ਸਭਾ ਦੀਆਂ ਝਲਕੀਆਂ
* ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅੱਜ ਸੈਸ਼ਨ ਦੌਰਾਨ ਅਚਨਚੇਤ ਪੁੱਜੇ, ਜਿਨ੍ਹਾਂ ਦੀ ਦਰਸ਼ਕ ਗੈਲਰੀ ’ਚ ਮੌਜੂਦਗੀ ਨੇ ਨਵੀਂ ਚਰਚਾ ਛੇੜ ਦਿੱਤੀ ਅਤੇ ਸਿਆਸੀ ਮਾਹਿਰ ਅੱਜ ਬਿੱਟੂ ਦੀ ਮੌਜੂਦਗੀ ਨੂੰ ਭਾਜਪਾਈ ਨਿਗਰਾਨ ਵਜੋਂ ਦੇਖ ਰਹੇ ਹਨ। ਜਦੋਂਕਿ ਭਾਜਪਾ ਵਿਧਾਇਕ ਸਦਨ ਵਿੱਚੋਂ ਗੈਰ ਹਾਜ਼ਰ ਸਨ।
* ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 43 ਮਿੰਟ ਦਾ ਭਾਸ਼ਣ ਦਿੱਤਾ। ਉਨ੍ਹਾਂ ਦਾ ਅੱਜ ਵਿਰੋਧੀ ਧਿਰ ’ਤੇ ਹੱਲਾ ਨਰਮ ਰਿਹਾ ਪਰ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ। ਮੁੱਖ ਮੰਤਰੀ ਦਾ ਵੱਡੇ ਤੇ ਛੋਟੇ ਰਾਣੇ ਪ੍ਰਤੀ ਮੋਹ ਝਲਕਦਾ ਰਿਹਾ।
* ਜਦੋਂ ਜੀਐੱਸਟੀ ’ਤੇ ਬਿੱਲ ਆਇਆ ਤਾਂ ਇਹ ਨੁਕਤਾ ਆਇਆ ਕਿ ਜੇ ਖਪਤ ਵਧੇਗੀ ਤਾਂ ਜੀਐੱਸਟੀ ਵਧੇਗੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸੇ ਦੌਰਾਨ ਕਿਹਾ ਕਿ ਮਤਲਬ ਹੁਣ ਪੰਜਾਬੀ ਅਬਾਦੀ ਵਧਾਉਣ।
* ਦੋ ਦਿਨਾ ਇਜਲਾਸ ਵਿੱਚੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਅਤੇ ‘ਆਪ’ ਦੇ ਹਰਮੀਤ ਸਿੰਘ ਪਠਾਣਮਾਜਰਾ ਗ਼ੈਰਹਾਜ਼ਰ ਰਹੇ। ਅਕਾਲੀ ਵਿਧਾਇਕਾ ਗੁਨੀਵ ਕੌਰ ਨੇ ਬਹਿਸ ’ਚ ਹਿੱਸਾ ਨਹੀਂ ਲਿਆ।
* ਵਿਰੋਧੀ ਧਿਰ ਵਿੱਚੋਂ ਵਿਧਾਇਕ ਪਰਗਟ ਸਿੰਘ ਨੇ ਜ਼ਿਆਦਾ ਸੂਈ ਕੇਂਦਰ ਦੀ ਭਾਜਪਾ ਸਰਕਾਰ ਵੱਲ ਰੱਖੀ ਜਦੋਂਕਿ ਪ੍ਰਤਾਪ ਬਾਜਵਾ ਨੇ ਸੂਬਾ ਸਰਕਾਰ ਨੂੰ ਕਟਹਿਰੇ * ਜਦੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਾਰ-ਵਾਰ ਟੋਕਣ ’ਤੇ ਵੀ ਨਾ ਬੈਠੇ ਤਾਂ ਅੱਕ ਕੇ ਸਪੀਕਰ ਸੰਧਵਾਂ ਨੇ ਕਿਹਾ ਕਿ ‘ਬੈਠ ਜਾਓ ਕਿ ਫਿਰ ਮੈਂ ਖੜ੍ਹਾ ਹੋਵਾਂ।’
* ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ‘ਸਭ ਇੱਕੋ ਵਿਅਕਤੀ ਬਾਜਵਾ ਨੂੰ ਟਾਰਗੇਟ ਕਰ ਰਹੇ ਹੋ’। ਉਨ੍ਹਾਂ ਮੁੜ ਬੰਬੂਕਾਟ ਦੀ ਗੱਲ ਛੇੜੀ ਅਤੇ ਕਿਹਾ ਕਿ ਜਿਸ ਬੰਬੂਕਾਟ ’ਤੇ ਬਾਜਵਾ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਗਏ ਸਨ, ਮੁੱਖ ਸਕੱਤਰ ਨੇ ਰਾਜਪਾਲ ਨੂੰ ਵੀ ਬੰਬੂਕਾਟ ਖਰੀਦੇ ਜਾਣ ਦੀ ਸਿਫ਼ਾਰਸ਼ ਕੀਤੀ ਹੈ।
* ‘ਆਪ’ ਵਿਧਾਇਕਾਂ ਨੇ ਲੰਘੇ ਕੱਲ੍ਹ ਖ਼ੁਦ ਹੀ ਸਪੀਕਰ ਦੇ ਅੱਗੇ ਜਾ ਕੇ ਕੇਂਦਰ ਖ਼ਿਲਾਫ਼ ਨਾਅਰੇ ਲਾਏ ਅਤੇ ਅੱਜ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੇ ਅਚਾਨਕ ਅੰਦਰਲਾ ਇਨਕਲਾਬ ਜਾਗ ਗਿਆ। ਸਿਹਤ ਮੰਤਰੀ ਨੇ ਕੇਂਦਰ ਨੂੰ ਮੁਖ਼ਾਤਬ ਹੁੰਦਿਆਂ ਨਾਅਰਾ ਲਾਇਆ ,‘ਸਾਡਾ ਹੱਕ, ਇੱਥੇ ਰੱਖ।’
* ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਨਸੀਹਤ ਦਿੱਤੀ ਕਿ ਪੰਜ ਸਾਲਾਂ ’ਚ ਕਦੇ ਕਦਾਈਂ ਵਿਸ਼ੇਸ਼ ਸੈਸ਼ਨ ਸੱਦ ਲਿਆ ਕਰੋ, ਜ਼ਿਆਦਾ ਰੈਗੂਲਰ ਸੈਸ਼ਨ ਕਰੋ।