ਚੌੜਾ ਵੱਲੋਂ ਸੁਖਬੀਰ ’ਤੇ ਹਮਲਾ ਸਿੱਖਾਂ ਦੇ ਗੁੱਸੇ ਦਾ ਪ੍ਰਗਟਾਵਾ: ਮੰਡ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਦਸੰਬਰ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਦੀ ਕਾਰਵਾਈ ਨੂੰ ਸਿੱਖ ਜਗਤ ਦੀਆਂ ਭਾਵਨਾਵਾਂ ਕਰਾਰ ਦਿੱਤਾ ਹੈ। ਉਹ ਅੱਜ ਇਥੇ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਲਈ ਆਏ ਸਨ। ਮਗਰੋਂ ਉਨ੍ਹਾਂ ਮੀਡੀਆ ਨਾਲ ਗੱਲ ਕੀਤੀ। ਦੋ ਦਸੰਬਰ ਨੂੰ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਬਾਦਲ ਅਤੇ ਹੋਰਨਾਂ ਨੂੰ ਲਾਈ ਗਈ ਤਨਖਾਹ ਬਾਰੇ ਉਨ੍ਹਾਂ ਆਖਿਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਪਰਿਵਾਰਕ ਮਾਮਲਾ ਸੀ, ਜਿਸ ਦਾ ਸਿੱਖ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਕਾਲ ਤਖ਼ਤ ਦੇ ਸਨਮੁੱਖ ਕੀਤੀ ਇਸ ਕਾਰਵਾਈ ਨੂੰ ਉਨ੍ਹਾਂ ਹਾਈ ਵੋਲਟੇਜ ਡਰਾਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰ, ਸਾਰੇ ਹੀ ਬਾਦਲਾਂ ਦੇ ਹਨ। ਬਾਗੀ ਤੇ ਦਾਗੀ ਧੜੇ ਦੇ ਆਗੂ ਵੀ ਬਾਦਲ ਧੜੇ ਦੇ ਮੈਂਬਰ ਹਨ। ਇਸ ਲਈ ਇਹ ਸਮੁੱਚਾ ਮਾਮਲਾ ਬਾਦਲ ਧੜੇ ਨਾਲ ਸਬੰਧਤ ਹੈ। ਇਸ ਮਾਮਲੇ ਦਾ ਪੰਥ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਜਗਤ ਬਾਦਲ ਦਲ ਦੇ ਆਗੂਆਂ ਨੂੰ ਨਕਾਰ ਚੁੱਕਿਆ ਹੈ, ਜਿਨ੍ਹਾਂ ਪ੍ਰਤੀ ਸਿੱਖ ਜਗਤ ਵਿੱਚ ਭਾਰੀ ਰੋਸ ਹੈ ਅਤੇ ਇਸੇ ਰੋਹ ਨਾਲ ਭਰੇ ਹੋਏ ਨਰੈਣ ਸਿੰਘ ਚੌੜਾ ਨੇ ਸਿੱਖ ਜਗਤ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਸੁਖਬੀਰ ’ਤੇ ਗੋਲੀ ਚਲਾਈ। ਉਨ੍ਹਾਂ ਕਿਹਾ ਕਿ ਉਸ ਦੀ ਦਸਤਾਰ ਉਤਾਰਨ ਵਾਲੇ ਯੂਥ ਅਕਾਲੀ ਆਗੂ ਨੇ ਦਸਤਾਰ ਦੀ ਬੇਅਦਬੀ ਕੀਤੀ ਹੈ ਅਤੇ ਉਸ ਨੂੰ ਸਿੱਖ ਪੰਥ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਨਹੀਂ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।