ਢਿੱਗਾਂ ਡਿੱਗਣ ਕਾਰਨ ਮੰਡੀ ਨੇੜੇ ਚੰਡੀਗੜ੍ਹ-ਮਨਾਲੀ ਮਾਰਗ ਬੰਦ
ਮੰਡੀ (ਟਨਸ): ਮੰਡੀ ਜ਼ਿਲ੍ਹੇ ਦੇ ਚਾਰ ਮੀਲ ਨੇੜੇ ਅੱਜ ਬਾਅਦ ਦੁਪਹਿਰ 3:30 ਵਜੇ ਦੇ ਕਰੀਬ ਢਿੱਗਾਂ ਡਿੱਗਣ ਮਗਰੋਂ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਸ ਦੌਰਾਨ ਮੰਡੀ-ਕੁੱਲੂ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਸੈਂਕੜੇ ਯਾਤਰੀ ਘੰਟਿਆਂ ਤੱਕ ਫਸੇ ਰਹੇ। ਖੇਤਰ ਵਿੱਚ ਹਾਲ ਹੀ ’ਚ ਪਏ ਮੀਂਹ ਕਰਕੇ ਢਿੱਗਾਂ ਡਿੱਗਣ ਕਾਰਨ ਹਾਈਵੇਅ ’ਤੇ ਵੱਡੀ ਮਾਤਰਾ ਵਿੱਚ ਮਲਬਾ ਡਿੱਗ ਗਿਆ ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਮਲਬਾ ਹਟਾਉਣ ਲਈ ਆਪਣੇ ਕਰਮਚਾਰੀਆਂ ਅਤੇ ਭਾਰੀ ਮਸ਼ੀਨਰੀ ਨੂੰ ਤਾਇਨਾਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਹਾਈਵੇਅ ’ਤੇ ਆਵਾਜਾਈ ਮੁੜ ਬਹਾਲ ਕਰਨ ਲਈ ਹਾਲੇ ਕੁੱਝ ਸਮਾਂ ਲੱਗ ਸਕਦਾ ਹੈ। ਇਸ ਹਾਈਵੇਅ ’ਤੇ ਅੱਜ ਦੂਜੀ ਅਜਿਹੀ ਘਟਨਾ ਵਾਪਰੀ ਹੈ। ਸਵੇਰੇ ਮੰਡੀ ਅਤੇ ਕੁੱਲੂ ਵਿਚਾਲੇ ਦਿਯੋਦ ਵਿੱਚ ਢਿੱਗਾਂ ਡਿੱਗੀਆਂ ਸਨ। ਇਸ ਘਟਨਾ ਕਾਰਨ ਵੀ ਕੁਝ ਘੰਟਿਆਂ ਲਈ ਆਵਾਜਾਈ ’ਚ ਵਿਘਨ ਪਿਆ ਪਰ ਐੱਨਐੱਚਏਆਈ ਨੇ ਪਹਿਲਾਂ ਵਾਲਾ ਮਲਬਾ ਹਟਾ ਕੇ ਆਵਾਜਾਈ ਸੁਚਾਰੂ ਢੰਗ ਨਾਲ ਸ਼ੁਰੂ ਕਰਵਾ ਦਿੱਤੀ ਸੀ। ਅਧਿਕਾਰੀਆਂ ਨੇ ਯਾਤਰੀਆਂ ਨੂੰ ਅਗਲੇ ਨੋਟਿਸ ਤੱਕ ਇਸ ਰਸਤੇ ਰਾਹੀਂ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਅਧਿਕਾਰੀ ਡਰਾਈਵਰਾਂ ਨੂੰ ਸਾਵਧਾਨੀ ਵਰਤਣ ਅਤੇ ਸੜਕ ਦੀ ਸਥਿਤੀ ਬਾਰੇ ਅਧਿਕਾਰਤ ਚੈਨਲਾਂ ਰਾਹੀਂ ਅਪਡੇਟ ਰਹਿਣ ਦੀ ਅਪੀਲ ਕਰ ਰਹੇ ਹਨ।