ਸਾਬਕਾ ਸਰਪੰਚ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਚੱਕਾ ਜਾਮ
ਪਰਿਵਾਰ ਨੇ ਪੁਲੀਸ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ; ਗ੍ਰਿਫ਼ਤਾਰੀ ਤੱਕ ਸਸਕਾਰ ਨਾ ਕਰਨ ਦਾ ਅੈਲਾਨ
ਇੱਥੋਂ ਨੇੜਲੇ ਪਿੰਡ ਨੰਗਲ ਅਵਾਣਾ ਦੇ ਕਿਸਾਨ ਆਗੂ ਅਤੇ ਸਾਬਕਾ ਸਰਪੰਚ ਸੌਰਵ ਮਿਨਹਾਸ ਦੇ ਬੀਤੀ ਸ਼ਾਮ ਹੋਏ ਕਤਲ ਪਿੱਛੇ ਵੱਡੀ ਸਾਜ਼ਿਸ਼ ਹੋਣ ਦਾ ਦੋਸ਼ ਲਾਉਂਦਿਆਂ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਜਥੇਬੰਦੀਆਂ ਨੇ ਅੱਜ ਸਿਵਲ ਹਸਪਤਾਲ ਚੌਕ ਵਿੱਚ ਸੜਕੀ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਤਲ ਦੇ ਮੁੱਖ ਸਾਜ਼ਿਸ਼ਕਰਤਾਵਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਕਰੀਬ ਇੱਕ ਘੰਟਾ ਚੱਲੇ ਜਾਮ ਤੋਂ ਬਾਅਦ ਪੁਲੀਸ ਨੇ ਭਲਕ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਜਾਮ ਖੋਲ੍ਹਿਆ ਗਿਆ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸਾਰੇ ਸਾਜ਼ਿਸ਼ਘਾੜੇ ਫੜੇ ਨਹੀਂ ਜਾਂਦੇ, ਉਦੋਂ ਤੱਕ ਉਹ ਸੌਰਵ ਮਿਨਹਾਸ ਦਾ ਸਸਕਾਰ ਨਹੀਂ ਕਰਨਗੇ। ਲਾਸ਼ ਫਿਲਹਾਲ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਈ ਗਈ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮਿਨਹਾਸ ਦੇ ਭਤੀਜੇ ਸੂਰਿਆਂਸ਼ ਮਿਨਹਾਸ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਉਹ ਆਪਣੇ ਚਾਚੇ ਸੌਰਵ ਮਿਨਹਾਸ ਨਾਲ ਖੇਤਾਂ ਤੋਂ ਘਰ ਪਰਤ ਰਿਹਾ ਸੀ। ਜਦੋਂ ਉਹ ਪਿੰਡ ਦੇ ਹੀ ਵਸਨੀਕ ਬੇਅੰਤ ਸਿੰਘ ਉਰਫ ਵਿੱਕੀ ਦੀ ਹਵੇਲੀ ਕੋਲ ਪਹੁੰਚੇ ਤਾਂ ਬੇਅੰਤ ਸਿੰਘ ਨੇ ਅੰਦਰੋਂ ਨਿਕਲ ਕੇ ਉਸ ਦੇ ਚਾਚੇ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ। ਗੰਭੀਰ ਜ਼ਖਮੀ ਹਾਲਤ ਵਿੱਚ ਉਸ ਦੇ ਚਾਚੇ ਨੂੰ ਸਿਵਲ ਹਸਪਤਾਲ ਮੁਕੇਰੀਆਂ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਇਲਾਜ ਦੌਰਾਨ ਬੀਤੀ ਰਾਤ ਜਲੰਧਰ ਦੇ ਇੱਕ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਸੂਰਿਆਂਸ਼ ਨੇ ਦੋਸ਼ ਲਾਇਆ ਕਿ ਮੁਲਜ਼ਮ ਬੇਅੰਤ ਸਿੰਘ ਉਸ ਦੇ ਚਾਚੇ ਦੇ ਖੇਤਾਂ ’ਚੋਂ ਰਸਤਾ ਮੰਗਦਾ ਸੀ, ਜਿਸ ਤੋਂ ਉਸ ਨੇ ਇਨਕਾਰ ਕਰ ਦਿੱਤਾ ਸੀ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੂੰ ਕੁਝ ਹੋਰ ਲੋਕਾਂ ਦੀ ਸ਼ਹਿ ਹੈ, ਜਿਨ੍ਹਾਂ ਨੇ ਇਹ ਕਤਲ ਕਰਵਾਇਆ ਹੈ।
ਪੁਲੀਸ ਨੇ ਇਸ ਮਾਮਲੇ ਵਿੱਚ ਬੇਅੰਤ ਸਿੰਘ ਖਿਲਾਫ਼ ਬੀ ਐੱਨ ਐੱਸ ਦੀ ਧਾਰਾ 103, 61(2) ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਪਰ ਪੀੜਤ ਪਰਿਵਾਰ ਦੀ ਮੰਗ ਸੀ ਕਿ ਕਤਲ ਦਾ ਕਾਰਨ ਕਰੀਬ 3 ਸਾਲ ਪੁਰਾਣਾ ਝਗੜਾ ਹੈ ਅਤੇ ਇਸ ਦੇ ਅਸਲ ਸਾਜ਼ਿਸ਼ਕਰਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਪਰਿਵਾਰ ਨੇ ਦੋਸ਼ ਲਾਇਆ ਕਿ ਪੁਲੀਸ ਇਸ ਮਾਮਲੇ ਵਿੱਚ ਟਾਲਮਟੋਲ ਕਰ ਰਹੀ ਸੀ, ਜਿਸ ਤੋਂ ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਜਾਮ ਲਾਇਆ।
ਇਸ ਮੌਕੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਹਲਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਅਤੇ ਪੁਲੀਸ ਅਪਰਾਧੀਆਂ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਮੌਕੇ ’ਤੇ ਪਹੁੰਚੇ ਐੱਸ ਐੱਚ ਓ ਦਲਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਜੇ ਪਰਿਵਾਰਕ ਮੈਂਬਰ ਕਿਸੇ ਹੋਰ ਦਾ ਨਾਮ ਲਿਖਵਾਉਂਦੇ ਹਨ ਤਾਂ ਉਸ ਖਿਲਾਫ਼ ਵੀ ਭਲਕ ਤੱਕ ਕਾਰਵਾਈ ਕੀਤੀ ਜਾਵੇਗੀ।

