ਸ਼ਾਹ ਦੀ ਅਗਵਾਈ ਹੇਠ ਮੱਧ ਖੇਤਰੀ ਪਰਿਸ਼ਦ ਦੀ ਮੀਟਿੰਗ ਮੁਕੰਮਲ
ਵਾਰਾਨਸੀ, 24 ਜੂਨ
ਵਾਰਾਨਸੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਅੱਜ ਮੱਧ ਖੇਤਰੀ ਪਰਿਸ਼ਦ ਦੀ 25ਵੀਂ ਮੀਟਿੰਗ ਮੁਕੰਮਲ ਹੋ ਗਈ। ਪ੍ਰੈੱਸ ਸੂਚਨਾ ਬਿਊਰੋ ਨੇ ਇਹ ਜਾਣਕਾਰੀ ਦਿੱਤੀ। ਸ਼ਾਹ ਬੀਤੇ ਦਿਨ ਤੋਂ ਹੀ ਵਾਰਾਨਸੀ ਦੇ ਦੋ ਰੋਜ਼ਾ ਦੌਰੇ ’ਤੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਮੀਟਿੰਗ ’ਚ ਸਮਾਜਿਕ ਵਿਕਾਸ, ਸਰਹੱਦੀ ਸੁਰੱਖਿਆ, ਖੇਤਰੀ ਅਮਨ ਤੇ ਕਾਨੂੰਨ, ਵਾਤਾਵਰਣ ਤੇ ਘੱਟ ਗਿਣਤੀਆਂ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੀਟਿੰਗ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂਦੇਵ ਸਾਏ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸਮੇਤ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਕਸ ’ਤੇ ਪੋਸਟ ਕੀਤਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਕਾਰੀ ਤੇ ਮੁਕਾਬਲੇਬਾਜ਼ੀ ਵਾਲੇ ਸੰਘਵਾਦ ਨੂੰ ਦੇਸ਼ ਦੇ ਸਰਵਪੱਖੀ ਵਿਕਾਸ ਦਾ ਰਾਹ ਦੱਸਿਆ ਹੈ। ਇਸੇ ਤਹਿਤ ਅੱਜ ਵਾਰਾਨਸੀ ’ਚ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਪ੍ਰਧਾਨਗੀ ਹੇਠ ਮੱਧ ਖੇਤਰੀ ਪਰਿਸ਼ਦ ਦੀ 25ਵੀਂ ਮੀਟਿੰਗ ਕਰਵਾਈ ਗਈ ਹੈ।’ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਕਸ ’ਤੇ ਕਿਹਾ ਕਿ ਮੀਟਿੰਗ ਦੌਰਾਨ ਸਰਹੱਦੀ ਖੇਤਰਾਂ ’ਚ ਸੜਕ, ਸੰਚਾਰ ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਬੀਆਰਓ ਰਾਹੀਂ ਵੱਧ ਸਹਿਯੋਗ ਦਾ ਸੱਦਾ ਦਿੱਤਾ ਗਿਆ। -ਪੀਟੀਆਈ