ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਜਲਾਸ 20 ਨੂੰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ 20 ਜੁਲਾਈ ਨੂੰ ਇਜਲਾਸ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਸਾਹਿਤਕ ਵਿਚਾਰ-ਵਟਾਂਦਰੇ ਨੂੰ ਹੁਲਾਰਾ ਦੇਵੇਗਾ। ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਸੈਮੀਨਾਰ ਦੇ ਪਹਿਲੇ ਸੈਸ਼ਨ ਵਿੱਚ ‘ਪੰਜਾਬੀ ਬੋਲੀ- ਕੱਲ੍ਹ, ਅੱਜ ਅਤੇ ਭਲਕ’ ਵਿਸ਼ੇ ’ਤੇ ਚਰਚਾ ਹੋਵੇਗੀ। ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਡਾ. ਮਨਜਿੰਦਰ ਸਿੰਘ ਮੁੱਖ ਭਾਸ਼ਣ ਦੇਣਗੇ। ਇਸ ਵਿੱਚ ਉਹ ਪੰਜਾਬੀ ਬੋਲੀ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ’ਤੇ ਚਾਨਣਾ ਪਾਉਣਗੇ।
ਸੈਸ਼ਨ ਦੀ ਪ੍ਰਧਾਨਗੀ ਡਾ. ਮਨਮੋਹਨ ਕਰਨਗੇ ਜਦੋਂਕਿ ਸਤਿਨਾਮ ਮਾਣਕ ਮੁੱਖ ਮਹਿਮਾਨ ਅਤੇ ਲਖਵਿੰਦਰ ਜੌਹਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਦੁਪਹਿਰ 12 ਵਜੇ ਦੂਜੇ ਸੈਸ਼ਨ ਵਿੱਚ ਸਭਾ ਦੀਆਂ ਡੇਢ ਸਾਲ ਦੀਆਂ ਸਰਗਰਮੀਆਂ ਅਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਦੌਰਾਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਯੋਗਦਾਨ ਲਈ ਸ਼ਖ਼ਸੀਅਤਾਂ ਨੂੰ ਸਨਮਾਨਿਆ ਜਾਵੇਗਾ। ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਗ਼ਜ਼ਲ਼ਗੋ ਜਸਵਿੰਦਰ ਨੂੰ, ਡਾ. ਐੱਸ ਤਰਸੇਮ ਸਾਹਿਤ ਸਾਧਨਾ ਪੁਰਸਕਾਰ ਬਲਬੀਰ ਪਰਵਾਨਾ ਨੂੰ, ਡਾ. ਰਵਿੰਦਰ ਰਵੀ ਆਲੋਚਨਾ ਪੁਰਸਕਾਰ ਡਾ. ਮਨਜਿੰਦਰ ਸਿੰਘ ਨੂੰ ਅਤੇ ਗਿਆਨੀ ਹੀਰਾ ਸਿੰਘ ਦਰਦ ਜਥੇਬੰਦਕ ਪੁਰਸਕਾਰ ਕਰਮ ਸਿੰਘ ਵਕੀਲ ਨੂੰ ਦਿੱਤਾ ਜਾਵੇਗਾ। ਇਹ ਸਮਾਗਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਹੋਵੇਗਾ, ਜੋ ਪੰਜਾਬੀ ਸਾਹਿਤ ਅਤੇ ਸਿੱਖਿਆ ਦਾ ਮਹੱਤਵਪੂਰਨ ਕੇਂਦਰ ਹੈ। ਸਭਾ ਸਾਰੇ ਸਾਹਿਤ ਪ੍ਰੇਮੀਆਂ, ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹੈ।