ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੁਰਸਕਾਰਾਂ ਦਾ ਐਲਾਨ
ਪੱਤਰ ਪ੍ਰੇਰਕ
ਅੰਮ੍ਰਿਤਸਰ, 18 ਜੂਨ
ਪੰਜਾਬੀ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡੇਢ ਸਾਲਾ ਇਜਲਾਸ ਦੌਰਾਨ ਦਿੱਤੇ ਜਾਣ ਵਾਲੇ ਬਹੁ-ਵੱਕਾਰੀ ਪੁਰਸਕਾਰਾਂ ਲਈ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਵਲੋਂ ਦਿੱਤੇ ਜਾਣ ਵਾਲੇ ‘ਗਿਆਨੀ ਹੀਰਾ ਸਿੰਘ ਯਾਦਗਾਰੀ ਜਥੇਬੰਦਕ ਪੁਰਸਕਾਰ’ ਲਈ ਕਰਮ ਸਿੰਘ ਵਕੀਲ, ‘ਡਾ. ਰਵਿੰਦਰ ਰਵੀ ਆਲੋਚਨਾ ਪੁਰਸਕਾਰ’ ਲਈ ਡਾ. ਮਨਜਿੰਦਰ ਸਿੰਘ, ‘ਡਾ. ਐੱਸ ਤਰਸੇਮ ਸਾਹਿਤ ਸਾਧਨਾ ਪੁਰਸਕਾਰ’ ਲਈ ਬਲਬੀਰ ਪਰਵਾਨਾ ਅਤੇ ‘ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ’ ਲਈ ਗ਼ਜ਼ਲ਼ਗੋ ਜਸਵਿੰਦਰ ਦੇ ਨਾਵਾਂ ’ਤੇ ਸਹਿਮਤੀ ਬਣੀ ਹੈ। ਇਹ ਪੁਰਸਕਾਰ 20 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੇ ਇਜਲਾਸ ਮੌਕੇ ਕੇਂਦਰੀ ਸਭਾ ਦੇ ਅਹੁਦੇਦਾਰਾਂ ਤੇ ਕਾਰਜਕਾਰਨੀ ਮੈਂਬਰਾਂ ਵੱਲੋਂ ਪੰਜਾਬ ਅਤੇ ਪੰਜਾਬ ਤੋਂ ਬਾਹਰਲੀਆਂ ਸਾਹਿਤ ਸਭਾਵਾਂ ਅਤੇ ਸਾਹਿਤਕਾਰਾਂ ਦੀ ਹਾਜ਼ਰੀ ’ਚ ਦਿੱਤੇ ਜਾਣਗੇ।