ਕੇਂਦਰ ਸਰਕਾਰ ਹਰ ਔਖੀ ਘੜੀ ਪੰਜਾਬ ਦੇ ਨਾਲ ਖੜ੍ਹੀ: ਉਕਾਈ
ਕੇਂਦਰੀ ਰਾਜ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਜਾਰੀ; ਹਡ਼੍ਹ ਪੀਡ਼ਤ ਕਿਸਾਨਾਂ ਨਾਲ ਕੀਤੀ ਮੁਲਾਕਾਤ
ਸਰਬਜੀਤ ਸਿੰਘ ਭੰਗੂ/ਮਾਨਵਜੋਤ ਭਿੰਡਰ
ਕੇਂਦਰੀ ਕਬਾਇਲੀ ਮਾਮਲਿਆਂ ਦੇ ਰਾਜ ਮੰਤਰੀ ਦੁਰਗਾਦਾਸ ਉਕਾਈ ਨੇ ਅੱਜ ਲਗਾਤਾਰ ਦੂਜੇ ਦਿਨ ਪਟਿਆਲਾ ਜ਼ਿਲ੍ਹੇ ਦੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਈ ਥਾਈਂ ਹੜ੍ਹਾਂ ਤੋਂ ਪੀੜਤ ਕਿਸਾਨਾਂ ਨਾਲ ਮੁਲਾਕਾਤਾਂ ਵੀ ਕੀਤੀਆਂ। ਮਗਰੋਂ ਉਨ੍ਹਾਂ ਇੱਥੇ ਸਰਕਟ ਹਾਊਸ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ। ਇਸ ਮੌਕੇ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਔਖੀ ਘੜੀ ਪੰਜਾਬ ਦੇ ਨਾਲ ਖੜ੍ਹੀ ਹੈ। ਕੇਂਦਰੀ ਰਾਜ ਮੰਤਰੀ ਦੁਰਗਾਦਾਸ ਉਕਾਈ ਵੱਲੋਂ ਅੱਜ ਸਥਾਨਕ ਹਾਂਸੀ ਬੁਟਾਣਾ ਨਹਿਰ ਦੇ ਧਰਮਹੇੜੀ ਨੇੜਲੇ ਖੇਤਰ ਦਾ ਦੌਰਾ ਕੀਤਾ ਗਿਆ। ਇਹ ਨਹਿਰ ਪੰਜਾਬ ਹਰਿਆਣਾ ਦੀ ਹੱਦ ’ਤੇ ਹਰਿਆਣਾ ਸਰਕਾਰ ਵੱਲੋਂ ਉਸਾਰੀ ਗਈ ਸੀ ਅਤੇ ਨਹਿਰ ਦੀ ਪਟੜੀ ਇਲਾਕੇ ਲਈ ਹੜ੍ਹਾਂ ਦਾ ਕਾਰਨ ਬਣੀ ਹੋਈ ਹੈ। ਇਸ ਮੌਕੇ ਕੇਂਦਰੀ ਰਾਜ ਮੰਤਰੀ ਨੇ ਹਰਿਆਣਾ ਵੱਲੋਂ ਨਹਿਰ ਦੀ ਉਸਾਰੀ ਕਾਰਨ ਪੰਜਾਬ ਦੇ ਪਿੰਡਾਂ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਦੱਖਣੀ ਪਟਿਆਲਾ ਦੇ ਪ੍ਰਧਾਨ ਤੇ ਸਥਾਨਕ ਆਗੂ ਹਰਮੇਸ਼ ਗੋਇਲ ਡਕਾਲਾ ਤੇ ਹੋਰਾਂ ਨੇ ਮੰਤਰੀ ਨੂੰ ਨਹਿਰ ਦੀ ਡਾਫ ਦੀ ਵਜ੍ਹਾ ਹੜ੍ਹਾਂ ਦੀ ਬਣਦੀ ਭਿਆਨਕ ਸਥਿਤੀ ਤੋਂ ਇਲਾਵਾ ਇਲਾਕੇ ਨੂੰ ਘੱਗਰ ਤੇ ਹੋਰ ਨਿਕਾਸੀ ਨਾਲਿਆਂ ਦੀ ਪੈ ਰਹੀ ਮਾਰ ਤੋਂ ਜਾਣੂ ਕਰਵਾਇਆ| ਮੰਤਰੀ ਨੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ, ਖ਼ਤਰੇ ਤੇ ਇਨ੍ਹਾਂ ਦੇ ਪੱਕੇ ਹੱਲ ਸਬੰਧੀ ਸਾਰੀ ਰਿਪੋਰਟ ਅਗਲੇ ਦਿਨਾਂ ਤੱਕ ਉਹ ਪ੍ਰਧਾਨ ਮੰਤਰੀ ਤੱਕ ਪੁੱਜਦੀ ਕਰ ਦੇਣਗੇ| ਉਨ੍ਹਾਂ ਸਪੱਸ਼ਟ ਕੀਤਾ ਕਿ ਹਾਂਸੀ ਬੁਟਾਣਾ ਨਹਿਰ ਦਾ ਮਾਮਲਾ ਵੀ ਹੱਲ ਹੋ ਜਾਵੇਗਾ|
‘ਸਾਈਫਨਾਂ ਦੀ ਸਫ਼ਾਈ ਨਾ ਹੋਣ ਕਾਰਨ ਫ਼ਸਲਾਂ ਦਾ ਹੋਇਆ ਨੁਕਸਾਨ’
ਸਮਾਣਾ (ਸੁਭਾਸ਼ ਚੰਦਰ): ਮੰਤਰੀ ਦੁਰਗਾਦਾਸ ਉਕਾਈ ਨੇ ਅੱਜ ਪਿੰਡ ਸਰੋਲਾ ਨੇੜੇ ਬਣੇ ਸਾਈਫਨਾਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਹਾਂਸੀ ਬੁਟਾਣਾ ਨਹਿਰ ’ਤੇ ਬਣੇ ਸਾਈਫਨਾਂ ਵਿੱਚ 15 ਫੁੱਟ ਦੇ ਕਰੀਬ ਮਿੱਟੀ ਭਰੀ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ, ਜਿਸ ਕਰ ਕੇ ਹੜ੍ਹਾਂ ਦੇ ਪਾਣੀ ਨੇ ਖੇਤਾਂ ਵਿੱਚ ਫਸਲਾਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਮੌਕੇ ’ਤੇ ਖੜ੍ਹੇ ਐੱਸ ਡੀ ਐੱਮ (ਗੂਹਲਾ) ਕੈਪਟਨ ਪ੍ਰਮੇਸ਼ ਸਿੰਘ ਤੋਂ ਸਾਈਫਨਾਂ ਦੀ ਸਫ਼ਾਈ ਵਿੱਚ ਵਰਤੀ ਕੁਤਾਹੀ ਬਾਰੇ ਜਾਣਕਾਰੀ ਲੈਂਦਿਆਂ ਅੱਗੇ ਤੋਂ ਸੁਧਾਰ ਕਰ ਕੇ ਸਾਈਫਨਾਂ ਦੀ ਸਫ਼ਾਈ ਜਲਦੀ ਕਰਵਾਉਣ ਦਾ ਹੁਕਮ ਦਿੱਤਾ। ਇਸ ਮੌਕੇ ਪਿੰਡ ਧਰਮਹੇੜੀ ਦੇ ਸਾਬਕਾ ਸਰਪੰਚ ਹਰਚੰਦ ਸਿੰਘ ਨੇ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ।