ਮਾਤਾ ਨੂੰ ਮਿਲਣ ਲਈ ਭਾਈ ਹਵਾਰਾ ਨੂੰ ਤੁਰੰਤ ਪੈਰੋਲ ‘ਤੇ ਛੱਡੇ ਕੇਂਦਰ ਸਰਕਾਰ : ਚੰਦੂਮਾਜਰਾ
ਹਸਪਤਾਲ ਪਹੁੰਚ ਭਾਈ ਹਵਾਰਾ ਜੀ ਦੀ ਮਾਤਾ ਦਾ ਜਾਣਿਆ ਹਾਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪਿੰਡ ਹਵਾਰਾ ਪਹੁੰਚ ਕੇ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਨਰਿੰਦਰ ਕੌਰ ਦਾ ਹਾਲ ਜਾਣਿਆ।
ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਰੀਬ 37 ਸਾਲਾਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਭਾਈ ਹਵਾਰਾ ਨੂੰ ਆਪਣੀ ਬਿਰਧ ਅਤੇ ਬਿਮਾਰ ਮਾਤਾ ਨੂੰ ਮਿਲਣ ਦੀ ਇਜਾਜ਼ਤ ਨਾ ਦੇਣਾ ਗ਼ੈਰ-ਮਨੁੱਖੀ ਵਰਤਾਰਾ ਹੈ।
ਉਨ੍ਹਾਂ ਆਖਿਆ ਕਿ ਮਾਤਾ ਜੀ ਦੇ ਜ਼ਿੰਦਗੀ ਦੇ ਅੰਤਿਮ ਸਮੇਂ ਵਿੱਚ ਮਾਂ ਅਤੇ ਪੁੱਤ ਦੇ ਮਿਲਾਪ ਦੀ ਇਹ ਤੜਫ ਮਨੁੱਖੀ ਕਦਰਾਂ ਕੀਮਤਾਂ ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਹਵਾਰਾ ਸਮੇਤ ਇਲਾਕੇ ਦੀਆਂ 100 ਤੋਂ ਵੱਧ ਪੰਚਾਇਤਾਂ ਵੱਲੋਂ ਭਾਈ ਹਵਾਰਾ ਦੇ ਮਾਤਾ ਨੂੰ ਮਿਲਣ ਲਈ ਪੈਰੋਲ ਦੇਣ ਦੇ ਪਏ ਮਤਿਆਂ ਨੂੰ ਕੇਂਦਰ ਸਰਕਾਰ ਅੱਖੋਂ ਪਰੋਖੇ ਨਾ ਕਰੇ।
ਉਨ੍ਹਾਂ ਆਖਿਆ ਕਿ ਇਨ੍ਹਾਂ ਪੰਚਾਇਤਾਂ ਵੱਲੋਂ ਪਾਏ ਮਤਿਆਂ ਵਿੱਚ ਇਹ ਲਿਖਤੀ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਮਾਤਾ ਨੂੰ ਮਿਲਣ ਤੋਂ ਬਾਅਦ ਭਾਈ ਹਵਾਰਾ ਨੂੰ ਜੇਲ੍ਹ ਵਿਭਾਗ ਦੇ ਸਪੁਰਦ ਕਰਨਗੇ।
ਇਸ ਮੌਕੇ ਪ੍ਰੋ.ਚੰਦੂਮਾਜਰਾ ਨੇ ਦੱਸਿਆ ਕਿ ਉਹ ਜਲਦ ਹੀ ਵਫ਼ਦ ਲੈ ਕੇ ਪੈਰੋਲ ਸਬੰਧੀ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰਨਗੇ।