ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਨ ’ਤੇ ਪਿਓ-ਪੁੱਤਰ ਸਣੇ ਦਰਜਨ ਖ਼ਿਲਾਫ ਕੇਸ ਦਰਜ
ਸੁਭਾਸ਼ ਚੰਦਰ
ਸਮਾਣਾ, 24 ਜੂਨ
ਮਿਕਸਰ ਗੱਡੀ ਦੇ ਡਰਾਈਵਰ ’ਤੇ ਸਾਈਡ ਮਾਰਨ ਦਾ ਦੋਸ਼ ਲਾ ਕੇ ਕੁੱਟਮਾਰ ਕਰਨ ਅਤੇ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਨ ’ਤੇ ਸਦਰ ਪੁਲੀਸ ਨੇ ਪਿਓ-ਪੁੱਤਰ ਸਣੇ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਕੁਲਦੀਪ ਸਿੰਘ, ਜੋਗਾ ਸਿੰਘ ਤੇ ਉਸ ਦਾ ਪੁੱਤਰ ਗੁਰਮੇਜ਼ ਸਿੰਘ ਵਾਸੀ ਪਿੰਡ ਕਾਕੜਾ ਜ਼ਿਲ੍ਹਾ ਸੰਗਰੂਰ ਅਤੇ 10 ਅਣਪਛਾਤੇ ਵਿਅਕਤੀ ਸ਼ਾਮਲ ਹਨ। ਜਾਂਚ ਅਧਿਕਾਰੀ ਗਾਜੇਵਾਸ ਪੁਲੀਸ ਚੌਕੀ ਦੇ ਏਐੱਸਆਈ ਹਰਮਿੰਦਰ ਸਿੰਘ ਨੇ ਦੱਸਿਆ ਕਿ ਬਘਮੇਲ ਸਿੰਘ ਵਾਸੀ ਪਿੰਡ ਕਮਾਲਪੁਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਜਦੋਂ ਉਹ ਗੱਡੀ ਲੈ ਕੇ ਆਪਣੇ ਪਲਾਟ ਵਿੱਚ ਚਲਾ ਗਿਆ ਤਾਂ ਕੁਝ ਦੇਰ ਬਾਅਦ ਮੁਲਜ਼ਮ ਕੁਲਦੀਪ ਸਿੰਘ 10-12 ਵਿਅਕਤੀਆਂ ਨਾਲ ਉਥੇ ਆਇਆ ਅਤੇ ਜੋਗਾ ਸਿੰਘ, ਕੁਲਦੀਪ ਸਿੰਘ ਅਤੇ ਹੋਰਨਾਂ ਨੇ ਲੋਹੇ ਦੇ ਕਾਪਿਆਂ ਅਤੇ ਲਾਠੀਆਂ ਨਾਲ ਕੁੱਟਮਾਰ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦਾ ਪੈਸਿਆਂ ਵਾਲਾ ਪਰਸ ਖੋਹ ਕੇ ਮੁਲਜ਼ਮ ਫਰਾਰ ਹੋ ਗਏ। ਪੁਲੀਸ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰ ਰਹੀ ਹੈ।