ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦੇ ਦੋਸ਼ ਹੇਠ ਮਹਿਰੋਂ ਖ਼ਿਲਾਫ਼ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੂਨ
ਇਸ ਸ਼ਹਿਰ ਦੀ ਪੁਲੀਸ ਨੇ ਲੁਧਿਆਣਾ ਸਥਿਤ ਸੋਸ਼ਲ ਮੀਡੀਆ ਮਕਬੂਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦੇ ਕਥਿਤ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਹੁਣ ਅੰਮ੍ਰਿਤਸਰ ਦੀ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਹ ਕੇਸ ਸਥਾਨਕ ਪੁਲੀਸ ਦੇ ਸਾਈਬਰ ਕ੍ਰਾਈਮ ਸੈੱਲ ਕੋਲ ਦਰਜ ਕੀਤਾ ਗਿਆ। ਮਹਿਰੋਂ ਨੇ ਲੂਥਰਾ ਅਤੇ ਹੋਰ ਸੋਸ਼ਲ ਮੀਡੀਆ ਸੰਚਾਲਕਾਂ ਨੂੰ ਧਮਕੀ ਦਿੱਤੀ ਸੀ ਕਿ ਸੋਸ਼ਲ ਮੀਡੀਆ ਉੱਤੇ ‘ਦੋਹਰੇ ਅਰਥ’ ਅਤੇ ਅਸ਼ਲੀਲ ਸਮੱਗਰੀ ਅਪਲੋਡ ਕਰਨ ’ਤੇ ਗੰਭੀਰ ਨਤੀਜੇ ਨਿਕਲਣਗੇ। ਕਮਲ ਕੌਰ ਦੇ ਕਤਲ ਸਬੰਧੀ ਬਠਿੰਡਾ ਪੁਲੀਸ ਨੇ ਉਸ ਦੇ ਦੋ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਉਸ ਨੇ ਕੱਲ੍ਹ ਲਾਈਵ ਹੋ ਕੇ ਸੋਸ਼ਲ ਮੀਡੀਆ ’ਤੇ ਧਮਕੀ ਭਰਿਆ ਵੀਡੀਓ ਅਪਲੋਡ ਕੀਤਾ ਸੀ ਜੋ ਵਾਇਰਲ ਹੋ ਗਿਆ ਸੀ। ਦੀਪਿਕਾ ਲੂਥਰਾ ਨੇ ਪੁਲੀਸ ਕਮਿਸ਼ਨਰ ਕੋਲ ਪਹੁੰਚ ਕਰ ਕੇ ਆਪਣੀ ਅਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਸੀ। ਉਸ ਨੇ ਦੀਪਿਕਾ ਲੂਥਰਾ ਨੂੰ ਧਮਕੀ ਦੌਰਾਨ ਕਿਹਾ ਸੀ ਕਿ ਇੱਥੇ ਵੀ ਬਹੁਤ ਸਾਰੀਆਂ ਪਾਰਕਿੰਗਾਂ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਲਾਸ਼ ਹਰ ਵਾਰ ਮਿਲ ਜਾਵੇ। ਦੀਪਿਕਾ ਲੂਥਰਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਨੂੰ ਵਾਰ-ਵਾਰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਕੁਝ ਮਹੀਨੇ ਪਹਿਲਾਂ ਉਸ ਨੂੰ ਸਾਜਿਸ਼ ਨਾਲ ਕਿਸੇ ਪ੍ਰਚਾਰ ਸਮਾਗਮ ਵਿੱਚ ਬੁਲਾਇਆ ਗਿਆ ਸੀ। ਉੱਥੇ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਉਹ ‘ਦੋਹਰੇ ਅਰਥ ਵਾਲੀ’ ਸਮੱਗਰੀ ਬਣਾਉਣਾ ਬੰਦ ਕਰ ਦੇਵੇ ਅਤੇ ਮੁਆਫ਼ੀ ਮੰਗੇ। ਲੂਥਰਾ ਨੇ ਕਿਹਾ ਸੀ ਕਿ ਚਾਰ ਅਜਿਹੇ ਵੀਡੀਓ ਸਨ, ਜਿਨ੍ਹਾਂ ’ਤੇ ਮਹਿਰੋਂ ਨੇ ਇਤਰਾਜ਼ ਜਤਾਇਆ ਸੀ, ਉਨ੍ਹਾਂ ਨੇ ਉਸ ਦੇ ਫੋਨ ਤੋਂ ਡਿਲੀਟ ਕਰ ਦਿੱਤਾ ਸੀ। ਹੁਣ ਉਸ ਨੇ ਅਜਿਹੀ ਕੋਈ ਵੀ ਸਮੱਗਰੀ ਬਣਾਉਣੀ ਬੰਦ ਕਰ ਦਿੱਤੀ ਹੈ।