ਲੁਧਿਆਣਾ ਦੇ ਡਾਕਟਰ ਸੁਮਿਤ ਸੋਫਤ ਖ਼ਿਲਾਫ਼ ਕੇਸ ਦਰਜ
ਸਨਅਤੀ ਸ਼ਹਿਰ ਦੇ ਮਸ਼ਹੂਰ ਡਾਕਟਰ ਸੁਮਿਤ ਸੋਫਤ ਖ਼ਿਲਾਫ਼ ਇਕ ਮਹਿਲਾ ਨੇ ਥਾਣਾ ਡਿਵੀਜ਼ਨ ਅੱਠ ਵਿੱਚ ਕੇਸ ਦਰਜ ਕਰਵਾਇਆ ਹੈ। ਡਾਕਟਰ ਨਾਲ ਕਥਿਤ ਤੌਰ ’ਤੇ ਲਿਵ-ਇਨ ’ਚ ਰਹਿ ਰਹੀ ਮਹਿਲਾ ਨੇ ਡਾਕਟਰ ’ਤੇ ਜਬਰ-ਜਨਾਹ ਸਣੇ ਹੋਰ ਵੀ ਕਈ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਦੀ ਸ਼ਿਕਾਇਤ ਮਗਰੋਂ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸਿਵਲ ਲਾਈਨਜ਼ ਦੇ ਹੀਰਾ ਸਿੰਘ ਰੋਡ ’ਤੇ ਰਹਿਣ ਵਾਲੇ ਡਾਕਟਰ ਸੁਮਿਤ ਸੋਫਤ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲ ਤੋਂ ਡਾਕਟਰ ਸੁਮਿਤ ਸੋਫਤ ਨਾਲ ਲਿਵ-ਇਨ ਵਿੱਚ ਰਹਿ ਰਹੀ ਸੀ। ਉਸ ਨੇ ਦੋਸ਼ ਲਾਇਆ ਕਿ ਡਾਟਕਰ ਵਿਆਹ ਦਾ ਵਾਅਦਾ ਕਰਕੇ ਉਸ ਨਾਲ ਸਬੰਧ ਬਣਾਉਂਦਾ ਰਿਹਾ ਹੈ। ਪੀੜਤ ਨੇ ਪੁਲੀਸ ਨੂੰ ਦੱਸਿਆ ਕਿ ਉਹ ਡਾਕਟਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਡਾਕਟਰ ਉਸ ਨੂੰ ਮਨ੍ਹਾਂ ਕਰ ਰਿਹਾ ਸੀ। ਪੀੜਤ ਮਹਿਲਾ ਨੇ ਦੋਸ਼ ਲਗਾਇਆ ਕਿ 26 ਜੁਲਾਈ ਦੀ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਡਾਕਟਰ ਸੋਫਤ ਨੇ ਉਸ ਨਾਲ ਸਬੰਧ ਬਣਾਏ ਤੇ ਉਸ ਦੀ ਕੁੱਟਮਾਰ ਵੀ ਕੀਤੀ। ਮਹਿਲਾ ਦਾ ਦੋਸ਼ ਹੈ ਕਿ ਡਾਕਟਰ ਸੁਮਿਤ ਆਪਣੇ ਪ੍ਰਭਾਵਸ਼ਾਲੀ ਸੰਪਰਕਾਂ ਦੀ ਵਰਤੋਂ ਕਰਕੇ ਉਸ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਥਾਣਾ ਡਿਵੀਜ਼ਨ 8 ਦੇ ਐੱਸਐੱਚਓ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਡਾ. ਸੋਫਤ ਹਾਲੇ ਫਰਾਰ ਹੈ, ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।