ਏਐੱਸਆਈ ਅਤੇ ਪੰਚ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ
ਸ਼ਗਨ ਕਟਾਰੀਆ
ਬਠਿੰਡਾ, 27 ਜੂਨ
ਵਿਜੀਲੈਂਸ ਬਿਊਰੋ ਨੇ ਥਾਣਾ ਸਿਟੀ ਰਾਮਪੁਰਾ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਅਤੇ ਪਿੰਡ ਰਾਮਪੁਰਾ ਦੇ ਪੰਚ ਰਾਜਦੀਪ ਸਿੰਘ ਖ਼ਿਲਾਫ਼ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਸਹਿ-ਮੁਲਜ਼ਮ ਰਾਜਦੀਪ ਸਿੰਘ ਨੂੰ ਵਿਜੀਲੈਂਸ ਬਿਊਰੋ ਯੂਨਿਟ ਬਠਿੰਡਾ ਵੱਲੋਂ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜਦਕਿ ਫ਼ਰਾਰ ਏਐੱਸਆਈ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਜਾਰੀ ਹਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ ਵਾਸੀ ਸ਼ਿਕਾਇਤਕਰਤਾ ਵੱਲੋਂ ਐਂਟੀ-ਕੁਰੱਪਸ਼ਨ ਹੈਲਪਲਾਈਨ ’ਤੇ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਇਹ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਸਿਟੀ ਰਾਮਪੁਰਾ ਥਾਣੇ ਵਿੱਚ ਸ਼ਿਕਾਇਤਕਰਤਾ ਵਿਰੁੱਧ ਦਰਜ ਕੇਸ ’ਚ ਉਸ ਨੂੰ ਫ਼ਾਇਦਾ ਦੇਣ ਲਈ ਏਐੱਸਆਈ ਅਵਤਾਰ ਸਿੰਘ ਨੇ ਪੰਚ ਰਾਜਦੀਪ ਸਿੰਘ ਰਾਹੀਂ ਸ਼ਿਕਾਇਤਕਰਤਾ ਕੋਲੋਂ 40-50 ਹਜ਼ਾਰ ਰੁਪਏ ਦੀ ਮੰਗ ਕਰ ਕੇ 20 ਹਜ਼ਾਰ ਰੁਪਏ ਰਿਸ਼ਵਤ ਵਜੋਂ ਹਾਸਲ ਕੀਤੇ ਸਨ।