ਝੇਰਿਆਂਵਾਲੀ ’ਚ ਨਸ਼ੇ ਕਾਰਨ 16 ਨੌਜਵਾਨਾਂ ਦੀ ਮੌਤ ਦਾ ਮਾਮਲਾ ਭਖ਼ਿਆ
ਇੱਥੋਂ ਨੇੜਲੇ ਪਿੰਡ ਝੇਰਿਆਂਵਾਲੀ ਵਿੱਚ ਚਿੱਟੇ ਦੀ ਓਵਰਡੋਜ਼ ਨਾਲ 16 ਨੌਜਵਾਨਾਂ ਦੀ ਹੋਈ ਮੌਤ ਦਾ ਮਾਮਲਾ ਹੁਣ ਕੌਮੀ ਕਮਿਸ਼ਨ ਅਨੁਸੂਚਿਤ ਜਾਤੀ ਕੋਲ ਪੁੱਜ ਗਿਆ ਹੈ। ਉਧਰ, ਕੌਮੀ ਐੱਸਸੀ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਡਾਇਰੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਝੇਰਿਆਂਵਾਲੀ ’ਚ ਹੋਈਆਂ ਮੌਤਾਂ ਦਾ ਮਾਮਲਾ ਉਨ੍ਹਾਂ ਕੋਲ ਪੁੱਜ ਗਿਆ ਹੈ ਅਤੇ ਇਸ ਸਬੰਧੀ ਮਿਲੀ ਅਰਜ਼ੀ ਦੀ ਉਹ ਛੇਤੀ ਪੜਤਾਲ ਆਰੰਭ ਕਰਵਾਉਣਗੇ। ਇਹ ਸਾਰੇ ਨੌਜਵਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਦੱਸੇ ਜਾ ਰਹੇ ਹਨ। 4 ਮੌਤਾਂ ਤਾਂ ਪਿਛਲੇ 10 ਦਿਨਾਂ ਵਿੱਚ ਹੋਈਆਂ, ਜਦੋਂਕਿ ਪਿਛਲੇ ਮਹੀਨਿਆਂ ਦੌਰਾਨ ਇਸ ਪਿੰਡ ’ਚ 16 ਨੌਜਵਾਨ ਇਸ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਭਾਜਪਾ ਐੱਸਸੀ/ਐੱਸਟੀ ਵਿੰਗ ਦੇ ਸੂਬਾ ਪ੍ਰਧਾਨ ਐੱਸ.ਆਰ ਲੱਧੜ (ਸਾਬਕਾ ਡੀਸੀ ਮਾਨਸਾ) ਅੱਜ ਪੀੜਤ ਪਰਿਵਾਰਾਂ ਨੂੰ ਮਿਲੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਜੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਤਾਂ ਪੀੜਤ ਪਰਿਵਾਰਾਂ ਨੂੰ ਕਾਨੂੰਨ ਅਨੁਸਾਰ ਹਰ ਮੌਤ ਦੇ ਇਵਜ਼ ’ਚ 8 ਲੱਖ 25 ਹਜ਼ਾਰ ਰੁਪਏ ਮੁਆਵਜ਼ਾ ਮਿਲਣਾ ਸੀ ਅਤੇ ਹੋਰ ਸਹੂਲਤਾਂ ਮਿਲਣੀਆਂ ਸਨ। ਸ੍ਰੀ ਲੱਧੜ ਨੇ ਦੱਸਿਆ ਕਿ ਪਿੰਡ ਦਾ ਦੌਰਾ ਕਰਨ ’ਤੇ ਪਤਾ ਲੱਗਿਆ ਕਿ 25 ਹੋਰ ਨੌਜਵਾਨ ਚਿੱਟੇ ਦੀ ਗ੍ਰਿਫ਼ਤ ਵਿੱਚ ਹਨ, ਜੋ ਕਦੇ ਵੀ ਮੌਤ ਦੇ ਮੂੰਹ ਵਿੱਚ ਜਾ ਸਕਦੇ ਹਨ। ਉਨ੍ਹਾਂ ਡੀਸੀ ਤੇ ਐੱਸਐੱਸਪੀ ਨਾਲ ਸੰਪਰਕ ਕਰਕੇ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਗੋਮਾ ਰਾਮ ਪੂਨੀਆ, ਕਰਨਲ ਜੈ ਬੈਂਸ ਆਦਿ ਮੌਜੂਦ ਸਨ।