ਪਤੀ ਨੂੰ ਜ਼ਹਿਰ ਦੇਣ ਦੇ ਦੋਸ਼ ਹੇਠ ਕੇਸ
ਇੱੱਥੇ ਇੱਕ ਔਰਤ ਨੇ ਆਪਣੇ ਪਤੀ ਨੂੰ ਖਾਣੇ ’ਚ ਜ਼ਹਿਰ ਦੇ ਦਿੱਤੀ। ਥਾਣਾ ਸਿਟੀ-2 ਦੀ ਪੁਲੀਸ ਨੇ ਵਾਰਡ ਨੰਬਰ-8 ਦੀ ਰਹਿਣ ਵਾਲੀ ਵਿਆਹੁਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ। ਰਾਜਵਿੰਦਰ ਮਿਸਤਰੀ ਸੀ ਅਤੇ...
ਇੱੱਥੇ ਇੱਕ ਔਰਤ ਨੇ ਆਪਣੇ ਪਤੀ ਨੂੰ ਖਾਣੇ ’ਚ ਜ਼ਹਿਰ ਦੇ ਦਿੱਤੀ। ਥਾਣਾ ਸਿਟੀ-2 ਦੀ ਪੁਲੀਸ ਨੇ ਵਾਰਡ ਨੰਬਰ-8 ਦੀ ਰਹਿਣ ਵਾਲੀ ਵਿਆਹੁਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ। ਰਾਜਵਿੰਦਰ ਮਿਸਤਰੀ ਸੀ ਅਤੇ ਇੱਕ ਬੱਚੇ ਦਾ ਪਿਤਾ ਸੀ। ਇਸ ਸਬੰਧੀ ਪ੍ਰਾਪਤ ਵੇਰਵਿਆਂ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 8 ਦੇ ਰਾਜਵਿੰਦਰ ਸਿੰਘ (37) ਪੁੱਤਰ ਜੀਤ ਸਿੰਘ ਦਾ ਆਪਣੀ ਪਤਨੀ ਪ੍ਰਭਦੀਪ ਕੌਰ ਨਾਲ ਪੈਸਿਆਂ ਦੇ ਮਾਮਲੇ ’ਤੇ ਝਗੜਾ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਭਦੀਪ ਕੌਰ ਵਿਦੇਸ਼ ਜਾਣ ਲਈ ਆਪਣੇ ਪਤੀ ਤੋਂ ਪੈਸਿਆਂ ਦੀ ਮੰਗ ਕਰਦੀ ਸੀ। 5 ਅਕਤੂਬਰ ਨੂੰ ਪ੍ਰਭਦੀਪ ਕੌਰ ਨੇ ਰਾਜਵਿੰਦਰ ਸਿੰਘ ਦੇ ਖਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ। ਰਾਜਵਿੰਦਰ ਦੀ ਸਿਹਤ ਖ਼ਰਾਬ ਹੋਣ ’ਤੇ ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਥੋਂ ਉਸ ਨੂੰ ਕਿਸੇ ਹੋਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ।
ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਰਾਜਵਿੰਦਰ ਸਿੰਘ ਦੇ ਪਿਤਾ ਜੀਤ ਸਿੰਘ ਦੇ ਬਿਆਨਾਂ ’ਤੇ ਪ੍ਰਭਦੀਪ ਕੌਰ ਵਾਸੀ ਬੁਰਜ ਹਰੀ ਖ਼ਿਲਾਫ਼ ਧਾਰਾ 108 ਬੀ ਐੱਨ ਐੱਸ ਅਧੀਨ ਕੇਸ ਦਰਜ ਕਰ ਲਿਆ ਹੈ। ਰਾਜਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਸਿਵਲ ਹਸਪਤਾਲ ਮਾਨਸਾ ਵਿੱਚ ਪੋਸਟਮਾਰਟਮ ਉਪਰੰਤ ਅੱਜ ਇੱਥੇ ਸਸਕਾਰ ਕਰ ਦਿੱਤਾ ਗਿਆ ਹੈ।