ਸਰਬਜੀਤ ਸਿੰਘ ਭੰਗੂ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਜੱਦੀ ਸ਼ਹਿਰ ਪਟਿਆਲਾ ’ਚ ਤਿੰਨ ਸਾਲਾਂ ਬਾਅਦ ਪੁੱਜੇ। ਉਹ ਸਿਹਤ ਪੱਖੋਂ ਕਮਜ਼ੋਰ ਨਜ਼ਰ ਆ ਰਹੇ ਸਨ। ਭਾਜਪਾ ਆਗੂ ਵਜੋਂ ਵੀ ਇਹ ਉਨ੍ਹਾਂ ਦੀ ਪਲੇਠੀ ਪਟਿਆਲਾ ਫੇਰੀ ਸੀ। ਭਾਜਪਾ ਦੇ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਕੂਕਾ ਨੇ ਇਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਬਾਹਰ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਤ ਕੀਤਾ।
ਉਹ ਭਾਜਪਾ ਦੀ ਥਾਂ ਕਿਸੇ ਹੋਰ ਸੰਸਥਾ ਦੇ ਸਮਾਗਮ ਵਿੱਚ ਆਏ ਸਨ, ਜਿਸ ’ਚ ਤਿੰਨ ਚਾਰ ਘੰਟੇ ਰਹਿਣ ਦੇ ਬਾਵਜੂਦ ਡੇਢ ਕਿਲੋਮੀਟਰ ਦੇ ਫਾਸਲੇ ‘ਤੇ ਸਥਿਤ ਆਪਣੀ ਰਿਹਾਇਸ਼ ਨਿਊ ਮੋਤੀਬਾਗ ਪੈਲੇਸ ’ਚ ਨਾ ਗਏ। ਉਂਝ ਮਹਿਲ ਵਿੱਚ ਕੋਈ ਮੈਂਬਰ ਹਾਜ਼ਰ ਨਹੀਂ ਸੀ। ਪਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚੇ ਦੇ ਸੂਬਾਈ ਪ੍ਰਧਾਨ ਧੀ ਜੈਇੰਦਰ ਕੌਰ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਪ੍ਰਚਾਰ ਲਈ ਗਏ ਹੋਏ ਸਨ। ਅਕਾਲੀ ਤੋਂ ਭਾਜਪਾਈ ਬਣੇ ਹਰਵਿੰਦਰ ਹਰਪਾਲਪੁਰ ਦਾ ਕਹਿਣਾ ਹੈ ਕਿ ਛੇਤੀ ਹੀ ਅਮਰਿੰਦਰ ਸਿੰਘ ਪਟਿਆਲਾ ਵਿੱਚ ਮੁੜ ਫੇਰੀ ਪਾ ਕੇ ਭਾਜਪਾ ਵਰਕਰਾਂ ਨੂੰ ਮਿਲਣਗੇ।

