ਪੰਜਾਬ ’ਚ ਕੈਂਸਰ ਕੇਅਰ ਪਾਇਲਟ ਪ੍ਰਾਜੈਕਟ ‘ਮਿਸ਼ਨ ਉਮੀਦ’ ਸ਼ੁਰੂ
ਦੇਸ਼ ਵਿੱਚ ਕੈਂਸਰ ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਇੰਡੀਆ ਦੇ ਨਾਲ ਤਾਲਮੇਲ ਰਾਹੀਂ ਬਠਿੰਡਾ, ਮੁਹਾਲੀ ਤੇ ਗੁਰਦਾਸਪੁਰ ਵਿੱਚ ਵਿਆਪਕ ਅਤੇ ਲੋਕ-ਕੇਂਦਰਿਤ ਕੈਂਸਰ ਕੇਅਰ ਪਾਇਲਟ ਪ੍ਰਾਜੈਕਟ ‘ਮਿਸ਼ਨ ਉਮੀਦ’ ਸ਼ੁਰੂ ਕੀਤਾ ਹੈ।
ਇਸ ਦਾ ਉਦਘਾਟਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਤੇ ਭਾਰਤ ਵਿੱਚ ਡਬਲਿਊਐੱਚਓ ਦੇ ਨੁਮਾਇੰਦੇ ਡਾ. ਰੋਡਰਿਕੋ ਐੱਚ. ਓਫਰਿਨ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਪਹਿਲਕਦਮੀ ਰਾਹੀਂ ਭਾਰਤ ਵਿੱਚ ਸਭ ਤੋਂ ਵੱਧ ਹੋਣ ਵਾਲੇ ਮੂੰਹ, ਛਾਤੀ ਤੇ ਬੱਚੇਦਾਨੀ ਦੇ ਕੈਂਸਰ ਦਾ ਸ਼ੁਰੂ ਵਿੱਚ ਹੀ ਪਤਾ ਲਾ ਕੇ ਇਲਾਜ ਕੀਤਾ ਸਕੇਗਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਂਸਰ ਦਾ ਮਤਲਬ ਮੌਤ ਨਹੀਂ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਤਾਂ ਇਹ ਬਹੁਤ ਹੱਦ ਤੱਕ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਲਦ ਪਤਾ ਲੱਗਣਾ ਹੀ ਇਸ ਦੇ ਪ੍ਰਭਾਵਸ਼ਾਲੀ ਇਲਾਜ ਦੀ ਕੁੰਜੀ ਹੈ।
ਭਾਰਤ ਦੇ ਡਬਲਯੂਐੱਚਓ ਦੇ ਪ੍ਰਤੀਨਿਧੀ ਡਾ. ਓਫਰੀਨ ਨੇ ਪੰਜਾਬ ਦੇ ਸੁਚੱਜੇ ਜਨਤਕ ਸਿਹਤ ਦ੍ਰਿਸ਼ਟੀਕੋਣ ਅਤੇ ਐੱਨਐੱਸਡੀਜ਼ ਦੀ ਰੋਕਥਾਮ ਅਤੇ ਕੰਟਰੋਲ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਮਿਸ਼ਨ ਉਮੀਦ’ ਵਿਆਪਕ ਕਾਰਜ ਯੋਜਨਾ ਨਾਲ ਦੇਸ਼ ਵਿੱਚ ਵਿਆਪਕ ਕੈਂਸਰ ਦੇਖਭਾਲ ਵਿੱਚ ਮੋਹਰੀ ਭੂਮਿਕਾ ਵਜੋਂ ਉਭਰਦਾ ਹੈ। ਇਨ੍ਹਾਂ ਨਿਵੇਸ਼ਾਂ ਤੇ ਯਤਨਾਂ ਨੂੰ ਕਾਇਮ ਰੱਖਦਿਆਂ ਪੰਜਾਬ 2030 ਤੱਕ ਐੱਸਡੀਜੀ-3 ਦੇ ਐੱਨਐੱਸਡੀ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਰਾਹ ’ਤੇ ਹੈ। ਸੰਸਥਾ ਇਸ ਮਹੱਤਵਪੂਰਨ ਪਹਿਲਕਦਮੀ ਵਿੱਚ ਭਾਈਵਾਲ ਹੋਣ ’ਤੇ ਮਾਣ ਮਹਿਸੂਸ ਕਰਦੀ ਹੈ ਅਤੇ ਇਸ ਮਾਡਲ ਨੂੰ ਦੇਸ਼ ਭਰ ਵਿੱਚ ਅਪਣਾਏ ਜਾਣ ਲਈ ਸਮੁੱਚੀ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਜਾਰੀ ਰੱਖੇਗੀ।