ਕੈਨੇਡਾ: ਪ੍ਰਸਿੱਧ ਗ਼ਜ਼ਲਗੋ ਗੁਰਦਰਸ਼ਨ ‘ਬਾਦਲ’ ’ਤੇ ਨਸਲੀ ਹਮਲਾ
ਸਰੀ ਵਿਚ ਬੀਤੇ ਦਿਨੀਂ ਸ਼ਹਿਰ ਦੇ ਇਕ ਵੱਡੇ ਪਾਰਕ ਵਿਚ ਉੱਘੇ ਪੰਜਾਬੀ ਸ਼ਾਇਰ ਗੁਰਦਰਸ਼ਨ ਸਿੰਘ ਬਾਦਲ ’ਤੇ ਨਸਲੀ ਹਮਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਾਮ ਕਰੀਬ ਅੱਠ ਵਜੇ ਉਹ ਸਰੀ ਵਿਚ ਆਪਣੇ ਘਰ ਦੇ ਨੇੜੇ ਹੀ ਨਿਊਟਨ ਅਥਲੈਟਿਕਸ ਪਾਰਕ ਵਿਚ ਰੋਜ਼ਾਨਾ ਵਾਂਗ ਸੈਰ ਕਰਨ ਗਏ ਸਨ। ਉਨ੍ਹਾਂ ਕਿਹਾ, ‘‘ਕੁੱਝ ਸਮੇਂ ਬਾਅਦ ਮੈਂ ਹੋਰ ਬਜ਼ੁਰਗਾਂ ਕੋਲ ਪਾਰਕ ਵਿਚ ਇੱਕ ਪਾਸੇ ਬੈਠ ਗਿਆ। ਅਚਾਨਕ ਪੰਜ-ਛੇ ਨੌਜਵਾਨ ਉੱਥੇ ਆਏ ਅਤੇ ਕਾਲੀ ਮਿੱਟੀ ਮੇਰੇ ’ਤੇ ਮਾਰੀ ਅਤੇ ਅੰਗਰੇਜ਼ੀ ਵਿਚ ਕਿਹਾ ਕਿਹਾ ‘ਰਾਸਕਲ ਲੀਵ ਦਿਸ ਕੰਟਰੀ’।’’
ਉਨ੍ਹਾਂ ਦੱਸਿਆ ਕਿ ਮਦਦ ਲਈ ਰੌਲਾ ਪਾਉਣ ਤੋਂ ਬਾਅਦ ਨੌਜਵਾਨ ਉੱਥੋਂ ਫਰਾਰ ਹੋ ਗਏ। ਇਸ ਘਟੀਆ ਹਰਕਤ ਤੋਂ ਦੁਖੀ ਹੁੰਦਿਆਂ ਗੁਰਦਸ਼ਨ ਸਿੰਘ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਅੱਜ ਵੀ ਪਰਵਾਸੀਆਂ ਨੂੰ ਕੈਨੇਡਾ ਵਰਗੇ ਮੁਲਕ ਵਿਚ ਅਜਿਹੇ ਵਿਤਕਰੇ ਤੇ ਨਸਲੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੇ ਸਰੀ ਪੁਲੀਸ ਤੋਂ ਮੰਗ ਕੀਤੀ ਹੈ ਸ਼ਹਿਰ ਦੇ ਪਾਰਕਾਂ ਵਿਚ ਅਜਿਹੇ ਨਸਲੀ ਤੇ ਸ਼ਰਾਰਤੀ ਲੋਕਾਂ ਤੋਂ ਬਜ਼ੁਰਗਾਂ ਦੀ ਸੁਰੱਖਿਆ ਲਈ ਪੁਲੀਸ ਗਾਰਡ ਤਾਇਨਾਤ ਕੀਤੇ ਜਾਣ।
ਸ੍ਰੀ ਬਾਦਲ ਨੇ ਆਖਿਆ ਕਿ ਪਹਿਲੀ ਵਾਰ ਨਹੀਂ ਜਦੋਂ ਇਹ ਘਟਨਾ ਵਾਪਰੀ ਹੈ ਲਗਪਗ 25 ਸਾਲ ਪਹਿਲਾਂ ਵੀ ਕੁਝ ਗੋਰੇ ਮੁੰਡਿਆਂ ਨੇ ਉਨ੍ਹਾਂ ਦੀ ਦਸਤਾਰ ’ਤੇ ਟਿੱਪਣੀ ਕਰਦਿਆਂ ਇਕ ਪਟਾਕਾ ਸੁੱਟਿਆ ਸੀ ਜਿਸ ਕਾਰਨ ਉਹਨਾਂ ਦੀ ਪੱਗ ਦਾ ਇਕ ਲੜ ਸੜ ਗਿਆ ਸੀ।