DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਡਿਪੋਰਟ ਦੇ ਡਰੋਂ ਪੰਜਾਬੀ ਵਿਦਿਆਰਥੀ ਸੜਕਾਂ ’ਤੇ

ਸੁਖਮੀਤ ਭਸੀਨ ਬਠਿੰਡਾ, 10 ਅਕਤੂਬਰ ਪਰਵਾਸੀ ਕਾਮਿਆਂ ਦੀ ਹੱਦ ਤੈਅ ਕਰਨ ਦੇ ਫ਼ੈਸਲੇ ਖ਼ਿਲਾਫ਼ ਸੈਂਕੜੇ ਪੰਜਾਬੀ ਵਿਦਿਆਰਥੀ ਕੈਨੇਡਾ ’ਚ ਸੜਕਾਂ ’ਤੇ ਉਤਰ ਆਏ ਹਨ। ਵਿਦਿਆਰਥੀਆਂ ਨੂੰ ਡਰ ਹੈ ਕਿ ਇਸ ਫ਼ੈਸਲੇ ਕਾਰਨ ਉਨ੍ਹਾਂ ਨੂੰ ਮੁਲਕ ਵਾਪਸ (ਡਿਪੋਰਟ) ਭੇਜਿਆ ਜਾ ਸਕਦਾ...
  • fb
  • twitter
  • whatsapp
  • whatsapp
featured-img featured-img
ਕੈਨੇਡਾ ਵਿੱਚ ਪੀਆਰ ਲਈ ਪੁਆਇੰਟ ਸਿਸਟਮ ਵਿੱਚ ਕੀਤੇ ਫੇਰਬਦਲ ਦਾ ਵਿਰੋਧ ਕਰਦੇ ਹੋਏ ਵਿਦਿਆਰਥੀ।
Advertisement

ਸੁਖਮੀਤ ਭਸੀਨ

ਬਠਿੰਡਾ, 10 ਅਕਤੂਬਰ

Advertisement

ਪਰਵਾਸੀ ਕਾਮਿਆਂ ਦੀ ਹੱਦ ਤੈਅ ਕਰਨ ਦੇ ਫ਼ੈਸਲੇ ਖ਼ਿਲਾਫ਼ ਸੈਂਕੜੇ ਪੰਜਾਬੀ ਵਿਦਿਆਰਥੀ ਕੈਨੇਡਾ ’ਚ ਸੜਕਾਂ ’ਤੇ ਉਤਰ ਆਏ ਹਨ। ਵਿਦਿਆਰਥੀਆਂ ਨੂੰ ਡਰ ਹੈ ਕਿ ਇਸ ਫ਼ੈਸਲੇ ਕਾਰਨ ਉਨ੍ਹਾਂ ਨੂੰ ਮੁਲਕ ਵਾਪਸ (ਡਿਪੋਰਟ) ਭੇਜਿਆ ਜਾ ਸਕਦਾ ਹੈ। ਨਵੀਂ ਨੀਤੀ ਤਹਿਤ ਪੋਸਟ ਗਰੈਜੁਏਟ ਵਰਕ ਪਰਮਿਟ ਅਤੇ ਹੋਰ ਰੁਜ਼ਗਾਰ ਸਬੰਧੀ ਢੰਗ-ਤਰੀਕਿਆਂ ਲਈ ਯੋਗ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੀ ਜਾਵੇਗੀ। ਇਸ ਨੀਤੀ ਕਾਰਨ ਪੰਜਾਬੀ ਵਿਦਿਆਰਥੀਆਂ ’ਚ ਰੋਹ ਪੈਦਾ ਹੋ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਕੈਨੇਡਾ ’ਚ ਭਵਿੱਖ ਹਨੇਰੇ ’ਚ ਜਾਪ ਰਿਹਾ ਹੈ। ਟੋਰਾਂਟੋ ਤੋਂ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਬਰੈਂਪਟਨ, ਵੈਨਕੂਵਰ, ਵਿਨੀਪੈਗ ਅਤੇ ਮੌਂਟਰੀਅਲ ਜਿਹੇ ਸ਼ਹਿਰਾਂ ’ਚ ਫੈਲ ਗਿਆ ਹੈ। ਵਿਦਿਆਰਥੀ ਅਗਸਤ ਦੇ ਅਖੀਰ ਤੋਂ ਬਰੈਂਪਟਨ ’ਚ ਕੁਈਨ ਸਟਰੀਟ ’ਤੇ ਪੱਕੇ ਤੌਰ ’ਤੇ ਪ੍ਰਦਰਸ਼ਨ ਕਰ ਰਹੇ ਹਨ ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਪੰਜਾਬੀ ਗਾਇਕਾਂ ਰੁਪਿੰਦਰ ਹਾਂਡਾ, ਗੁਰੂ ਰੰਧਾਵਾ ਅਤੇ ਹੋਰਾਂ ਨੇ ਆਪਣੀ ਹਮਾਇਤ ਦਿੰਦਿਆਂ ਉਥੋਂ ਦਾ ਦੌਰਾ ਕੀਤਾ ਹੈ। ਇਥੋਂ ਤੱਕ ਕਿ ਫਿਲਿਪੀਨੋ ਪਰਵਾਸੀ ਕਾਮਿਆਂ ਦੀ ਇਕ ਜਥੇਬੰਦੀ ਓਂਟਾਰੀਓ ਫੈਡਰੇਸ਼ਨ ਆਫ਼ ਵਰਕਰਸ ਐਂਡ ਮਾਈਗਰੈਂਟਸ ਤਹਿਤ 54 ਟਰੇਡ ਯੂਨੀਅਨਾਂ ਨੇ ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਆਪਣੀ ਹਮਾਇਤ ਦਿੱਤੀ ਹੈ। ਬਰੈਂਪਟਨ ’ਚ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਨੌਜਵਾਨ ਸਪੋਰਟ ਨੈੱਟਵਰਕ ਦੇ ਮੁਖੀ ਬਿਕਰਮ ਨੇ ਕਿਹਾ, ‘‘ਅਸੀਂ ਭਵਿੱਖ ਦੇ ਨਿਰਮਾਣ ਦੇ ਸੁਪਨੇ ਲੈ ਕੇ ਇਥੇ ਆਏ ਹਾਂ। ਅਸੀਂ ਨਿਯਮਾਂ ਦਾ ਪਾਲਣ ਕੀਤਾ, ਆਪਣੀ ਫੀਸ ਦਾ ਭੁਗਤਾਨ ਕੀਤਾ ਅਤੇ ਹੁਣ ਸਾਡੇ ਲਈ ਦਰਵਾਜ਼ੇ ਬੰਦ ਕੀਤੇ ਜਾ ਰਹੇ ਹਨ।’’ ਮਾਨਸਾ ਜ਼ਿਲ੍ਹੇ ਦੇ ਮਹਿਕਦੀਪ ਸਿੰਘ ਨੇ ਕਿਹਾ ਕਿ ਉਸ ਨੇ ਪੀਆਰ ਲਈ ਢੁੱਕਵੇਂ ਸੀਆਰਐੱਸ ਅੰਕ ਹਾਸਲ ਕੀਤੇ ਪਰ ਸਰਕਾਰ ਨੇ ਉਨ੍ਹਾਂ ਦਾ ਫਾਇਦਾ ਚੁੱਕਿਆ ਹੈ। ਟੋਰਾਂਟੋ ’ਚ ਕੌਮਾਂਤਰੀ ਸਿੱਖ ਸਟੂਡੈਂਟਸ ਐਸੋਸੀਏਸ਼ਨ ਦੇ ਮੁਖੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੱਸਿਆ ਕਿ ਹੁਣ ਪੀਜੀਡਬਲਿਊਪੀ ਲਈ ਕੋਈ ਐਕਸਟੈਂਸ਼ਨ ਨਹੀਂ ਮਿਲੇਗੀ। ਪ੍ਰਦਰਸ਼ਨ ’ਚ ਸ਼ਾਮਲ ਨਰਸਿੰਗ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਕਿਹਾ ਕਿ ਉਹ ਕੈਨੇਡਾ ਸਿਰਫ਼ ਪੜ੍ਹਾਈ ਕਰਨ ਲਈ ਨਹੀਂ ਸਗੋਂ ਇਥੇ ਜ਼ਿੰਦਗੀ ਬਣਾਉਣ ਲਈ ਆਏ ਹਨ। ਵਿਦਿਆਰਥੀ ਆਗੂਆਂ ਨੇ ਦਾਅਵਾ ਕੀਤਾ ਕਿ ਪੀਜੀਡਬਲਿਊਪੀ ਲਈ ਐਕਸਟੈਂਸ਼ਨ ਨਾ ਮਿਲਣ ਕਾਰਨ ਕਰੀਬ 1.3 ਲੱਖ ਕੌਮਾਂਤਰੀ ਵਿਦਿਆਰਥੀ ਪ੍ਰਭਾਵਿਤ ਹੋਣਗੇ। ਉਨ੍ਹਾਂ ਬਰੈਂਪਟਨ ਨੌਰਥ ਦੀ ਸੰਸਦ ਮੈਂਬਰ ਰੂਬੀ ਸਹੋਤਾ ਨੂੰ ਹਮਾਇਤ ਦੇਣ ਲਈ ਧੰਨਵਾਦ ਕੀਤਾ। ਉਧਰ ਕੈਨੇਡਾ ਸਰਕਾਰ ਨੇ ਆਰਥਿਕ ਦਬਾਅ ਦਾ ਹਵਾਲਾ ਦਿੰਦਿਆਂ ਨੀਤੀ ਦਾ ਬਚਾਅ ਕੀਤਾ ਹੈ। ਇਮੀਗਰੇਸ਼ਨ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਹ ਹੱਦ ਯਕੀਨੀ ਬਣਾਉਣੀ ਜ਼ਰੂਰੀ ਹੈ ਤਾਂ ਜੋ ਕੈਨੇਡਾ ਦੀ ਪਰਵਾਸ ਪ੍ਰਣਾਲੀ ਟਿਕਾਊ ਬਣੀ ਰਹੇ।

Advertisement
×