ਕੈਨੇਡਾ: ਬਰੈਂਪਟਨ ਦੇ ਮੇਅਰ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ
ਦਰਅਸਲ ਕੁਝ ਦਿਨ ਪਹਿਲਾਂ ਹੀ ਮੇਅਰ ਨੂੰ ਈਮੇਲ ਰਾਹੀਂ ਭੇਜੀ ਗਈ ਧਮਕੀ ਤੋਂ ਬਾਅਦ ਪੁਲੀਸ ਨੇ ਸੁਰੱਖਿਆ ਵਿੱਚ ਇਜ਼ਾਫ਼ਾ ਕਰ ਦਿੱਤਾ ਸੀ। ਪੀਲ ਪੁਲੀਸ ਦੇ ਡਿਪਟੀ ਚੀਫ਼ ਨਿੱਕ ਮਿਲੀਨੋਵਿਕ ਨੇ ਦੱਸਿਆ ਕਿ ਮੇਅਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਬਰੀਕੀ ਨਾਲ ਤਫ਼ਤੀਸ਼ ਕਰਨ ਤੋਂ ਬਾਅਦ ਪੁਲੀਸ ਨੇ ਹੱਥ ਪੁਖ਼ਤਾ ਸਬੂਤ ਲੱਗੇ, ਜਿਸ ਤੋਂ ਬਾਅਦ ਜਾਂਚ ਟੀਮ ਗਠਿਤ ਕੀਤੀ ਗਈ। ਜਾਂਚ ਟੀਮ ਨੇ ਮੁਲਜ਼ਮ ਦੇ ਘਰ ਦੇ ਤਲਾਸ਼ੀ ਵਾਰੰਟ ਹਾਸਲ ਕੀਤੇ ਤਾਂ ਉੱਥੋ ਪੁਲੀਸ ਨੂੰ ਕੁਝ ਇਲੈਕਟ੍ਰਾਨਿਕ ਯੰਤਰ ਮਿਲੇ ਜਿਨ੍ਹਾਂ ਦੀ ਜਾਂਚ ਤੋਂ ਕਰਨ ਤੋਂ ਬਾਅਦ ਮੇਅਰ ਨੂੰ ਧਮਕੀਆਂ ਭੇਜਣ ਵਾਲੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਜਾਂਚ ਟੀਮ ਮੁਲਜ਼ਮ ਤੋਂ ਪੁੱਛ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲੀਸ ਅਧਿਕਾਰੀ ਅਨੁਸਾਰ ਮੁੱਢਲੀ ਤਫ਼ਤੀਸ਼ ਤੋਂ ਇਹ ਸਾਫ਼ ਹੋਇਆ ਕਿ ਧਮਕੀਆਂ ਭੇਜਣ ਵਾਲੇ ਦੇ ਕਿਸੇ ਵੀ ਗਰੋਹ ਨਾਲ ਤਾਅਲੁਕਾਤ ਨਹੀਂ ਹਨ। ਧਮਕੀਆਂ ਭੇਜਣ ਪਿੱਛੇ ਮੁਲਜ਼ਮ ਦਾ ਕੀ ਉਦੇਸ਼ ਸੀ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗਿਆ ਹੈ।
ਉਧਰ ਦੂਜੇ ਪਾਸੇ ਮੇਅਰ ਨੂੰ ਦਿੱਤੀ ਗਈ ਵਧੇਰੇ ਸੁਰੱਖਿਆ ਦੀ ਵਾਪਸੀ ਦੇ ਸਵਾਲ ’ਤੇ ਪੁਲੀਸ ਨੇ ਅਜੇ ਜਵਾਬ ਦੇਣ ਤੋਂ ਟਾਲਾ ਵੱਟ ਲਿਆ ਹੈ।