Canada Gold Heist ਈਡੀ ਵੱਲੋਂ ਸਿਮਰਨ ਪ੍ਰੀਤ ਪਨੇਸਰ ਦੇ ਮੁਹਾਲੀ ਵਿਚਲੇ ਟਿਕਾਣਿਆਂ ’ਤੇ ਛਾਪੇ
Mohali: ED searches in Canada gold 'heist' case
ਚੰਡੀਗੜ੍ਹ, 21 ਫਰਵਰੀ
ਐੱਨਫੋਰਸਮੈਂਟ ਡਾਇਰੈਕਟੋਰੈਟ (ਈਡੀ) ਦੀ ਟੀਮ ਨੇ ਕੈਨੇਡਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਮਾਮਲੇ ਦੇ ਕਥਿਤ ਮਸ਼ਕੂਕ ਸਿਮਰਨ ਪ੍ਰੀਤ ਪਨੇਸਰ ਦੇ ਮੁਹਾਲੀ ਸਥਿਤ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਹਾਲਾਂਕਿ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਪਨੇਸਰ ਨਾਲ ਸੰਪਰਕ ਨਹੀਂ ਹੋ ਸਕਿਆ।
ਸੰਘੀ ਜਾਂਚ ਏਜੰਸੀ ਨੇ ਅਪਰੈਲ 2023 ਵਿਚ ਕੈਨੇਡਾ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਹੋਈ ਉਪਰੋਕਤ ਲੁੱਟ ਦੇ ਮਾਮਲੇ ਨੂੰ ਲੈ ਕੇ ਹਾਲ ਹੀ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ (ਪੀਐੱਮਐੱਲਏ) ਤਹਿਤ ਫੌਜਦਾਰੀ ਕੇਸ ਦਰਜ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਪਨੇਸਰ ਦੇ ਮੁਹਾਲੀ ਸਥਿਤ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਤੇ ਈਡੀ ਅਧਿਕਾਰੀਆਂ ਵੱਲੋਂ ਉਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ।
ਈਡੀ ਨੇ ਕੈਨੇਡਾ ਦੀ ਕਿਸੇ ਰਸਮੀ ਬੇਨਤੀ ਤੋਂ ਬਗੈਰ ਹੀ ਖੁ਼ਦ ਇਹ ਕੇਸ ਦਰਜ ਕੀਤਾ ਸੀ, ਕਿਉਂਕਿ ਪੀਐੱਮਐੱਲਏ ਸਰਹੱਦ ਪਾਰ ਨਾਲ ਜੁੜੇ ਮਾਮਲੇ ਵਿੱਚ ਅਜਿਹੀ ਜਾਂਚ ਦੀ ਆਗਿਆ ਦਿੰਦਾ ਹੈ ਜਿੱਥੇ ਇੱਕ ਭਾਰਤੀ ਨਾਗਰਿਕ ਦੇ ਸ਼ਾਮਲ ਹੋਣ ਦਾ ਸ਼ੱਕ ਹੈ।
ਏਜੰਸੀ ਇਹ ਜਾਂਚ ਕਰਨਾ ਚਾਹੁੰਦੀ ਹੈ ਕਿ ਕੀ ਇਸ ਕਥਿਤ ਡਕੈਤੀ ਦੀ ‘ਅਪਰਾਧ ਦੀ ਕਮਾਈ’ ਭਾਰਤ ਗਈ ਸੀ ਅਤੇ ਕੀ ਇੱਥੇ ਕੋਈ ਲਾਭਪਾਤਰੀ ਸੀ।
ਮੀਡੀਆ ਰਿਪੋਰਟਾਂ ਅਨੁਸਾਰ, 2023 ਵਿੱਚ ਉਕਤ ਹਵਾਈ ਅੱਡੇ ’ਤੇ ਇੱਕ ਸੁਰੱਖਿਅਤ ਸਟੋਰੇਜ ਸਹੂਲਤ ਤੋਂ ਸੋਨੇ ਦੀਆਂ ਛੜਾਂ ਵਾਲਾ ਇੱਕ ਏਅਰ ਕਾਰਗੋ ਕੰਟੇਨਰ ਚੋਰੀ ਹੋ ਗਿਆ ਸੀ ਤੇ ਇਸ ਲਈ ਸੰਭਵ ਤੌਰ ’ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ। -ਪੀਟੀਆਈ