ਕੈਨੇਡਾ: ਚੋਰੀ ਕੀਤੀ ਸ਼ਰਾਬ ਵੇਚਣ ਦੇ ਦੋਸ਼ ਹੇਠ ਪਤੀ-ਪਤਨੀ ਤੇ ਲੜਕਾ ਕਾਬੂ
ਰਿਹਾਇਸ਼ ਤੋਂ ਸਵਾ ਲੱਖ ਡਾਲਰ ਨਗਦ ਤੇ 126 ਬੋਤਲਾਂ ਵਿਸਕੀ ਬਰਾਮਦ; ਹੁਣ ਤੱਕ ਵੇਚ ਚੁੱਕੇ ਹਨ 13 ਲੱਖ ਡਾਲਰ ਦੀ ਸ਼ਰਾਬ
ਓਂਟਾਰੀਓ ਦੀ ਹਾਲਟਨ ਪੁਲੀਸ ਨੇ ਨੌਰਥ ਯੌਰਕ ਦੇ ਇਕ ਘਰ ਵਿੱਚ ਛਾਪਾ ਮਾਰ ਕੇ ਉੱਥੋਂ ਸਵਾ ਲੱਖ ਡਾਲਰ ਨਗ਼ਦ ਅਤੇ ਚੋਰੀ ਦੀ ਵਿਸਕੀ ਦੀਆਂ 126 ਬੋਤਲਾਂ ਬਰਾਮਦ ਕਰਕੇ ਉੱਥੇ ਰਹਿੰਦੇ ਪਤੀ, ਪਤਨੀ ਤੇ ਉਨ੍ਹਾਂ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪਰਮਿੰਦਰ ਸਿੰਘ ਸਿੱਧੂ (52), ਰਾਜਿੰਦਰ ਕੌਰ ਸਿੱਧੂ (56) ਅਤੇ ਨਵਦੀਪ ਸਿੰਘ ਸਿੱਧੂ (25) ਵਜੋਂ ਕੀਤੀ ਗਈ ਹੈ। ਹਾਲਟਨ ਪੁਲੀਸ ਦੇ ਇੰਸਪੈਕਟਰ ਰਫ਼ ਸਰਵਰਕਾ ਅਨੁਸਾਰ ਸ਼ਰਾਬ ਠੇਕੇ ਲੁੱਟਣ ਦੀਆਂ ਘਟਨਾਵਾਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਠੇਕੇ ਲੁੱਟਣ ਵਾਲੇ 10 ਗਰੁੱਪ ਕਾਰਜਸ਼ੀਲ ਹਨ, ਜਿਨ੍ਹਾਂ ਨੇ ਇਸ ਸਾਲ ਟੋਰਾਂਟੋ ਨੇੜਲੇ ਸ਼ਹਿਰਾਂ ਦੇ ਸ਼ਰਾਬ ਠੇਕਿਆਂ ਤੋਂ 13 ਲੱਖ ਡਾਲਰ ਦੀ ਮਹਿੰਗੀ ਸ਼ਰਾਬ ਲੁੱਟੀ ਜਾਂ ਚੋਰੀ ਕਰਕੇ ਉੱਕਤ ਕਥਿਤ ਮੁਲਜ਼ਮਾਂ ਨੂੰ ਵੇਚੀ। ਉਨ੍ਹਾਂ ਨੇ ਦੱਸਿਆ ਕਿ ਉੱਕਤ ਤਿੰਨ ਜਣੇ ਲੁਟੇਰੇ ਗਰੋਹਾਂ ਤੋਂ ਸ਼ਰਾਬ ਖਰੀਦ ਕੇ ਆਪਣੇ ਘਰੋਂ ਵੇਚਦੇ ਸਨ ਅਤੇ ਗਾਹਕਾਂ ਨੂੰ ਉਨ੍ਹਾਂ ਦੇ ਘਰੀਂ ਵੀ ਪਹੁੰਚਾਉਂਦੇ ਸਨ। ਚੋਰੀ ਦੀ ਸ਼ਰਾਬ ਸਸਤੀ ਦਰ ’ਤੇ ਵੇਚਣ ਕਰਕੇ ਉਨ੍ਹਾਂ ਦੇ ਕਾਫੀ ਗਾਹਕ ਸਨ ਜਿਨ੍ਹਾਂ ਦੀ ਪੁਲੀਸ ਵਲੋਂ ਭਾਲ ਕੀਤੀ ਜਾ ਰਹੀ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉੱਕਤ ਤਿੰਨਾਂ ਵਿਰੁੱਧ ਵੱਖ ਵੱਖ ਜੁਰਮਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।

