ਗ਼ੈਰ-ਕਾਨੂੰਨੀ ਪਰਵਾਸ ਖ਼ਿਲਾਫ਼ ਮੁਹਿੰਮ ਸ਼ੁਰੂ
ਨੌਜਵਾਨਾਂ ਨੂੰ ਡੰਕੀ ਦੇ ਖ਼ਤਰਿਆਂ ਤੋਂ ਬਚਾਉਣ ਅਤੇ ਕਾਨੂੰਨੀ ਰਸਤੇ ਅਪਣਾਉਣ ਦੀ ਕੀਤੀ ਅਪੀਲ
ਪਾਲ ਸਿੰਘ ਨੌਲੀ
ਵਿਦੇਸ਼ ਮੰਤਰਾਲੇ ਨੇ ਪੰਜਾਬ ਵਿੱਚ ‘ਸੁਰੱਖਿਅਤ ਅਤੇ ਕਾਨੂੰਨੀ ਪਰਵਾਸ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਢੰਗਾਂ (ਡੰਕੀ) ਨਾਲ ਵਿਦੇਸ਼ ਜਾਣ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਤੇ ਕਾਨੂੰਨੀ ਰਸਤੇ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਇੱਥੇ ਸੀ ਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਸ਼ਾਹਪੁਰ ਵਿੱਚ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਪ੍ਰੋਟੈਕਟਰ ਜਨਰਲ ਸੁਰਿੰਦਰ ਭਗਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗ਼ੈਰ-ਕਾਨੂੰਨੀ ਰਸਤਿਆਂ ਦੀ ਬਜਾਇ ਵਿਦੇਸ਼ ਜਾਣ ਦੇ ਕਾਨੂੰਨੀ ਅਤੇ ਸੁਰੱਖਿਅਤ ਸਾਧਨ ਅਪਣਾਉਣ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਦੇ ਚਾਹਵਾਨ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਕਿਸੇ ਵੀ ਟਰੈਵਲ ਏਜੰਟ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ। ਇਹ ਪ੍ਰੋਗਰਾਮ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਅਧੀਨ ਕੇਂਦਰੀ ਸੰਚਾਰ ਬਿਊਰੋ (ਸੀ ਬੀ ਸੀ), ਜਲੰਧਰ ਵੱਲੋਂ ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਹ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ। ਵਿਭਾਗ ਦੇ ਫੀਲਡ ਪਬਲੀਸਿਟੀ ਅਫ਼ਸਰ ਯਸ਼ੂ ਦੀਪ ਨੇ ਕਿਹਾ ਕਿ ਜਲਦੀ ਹੀ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਇਸ ਮੌਕੇ ਸੀ ਬੀ ਸੀ ਦੀ ਟੀਮ ਵੱਲੋਂ ਗ਼ੈਰ-ਕਾਨੂੰਨੀ ਪਰਵਾਸ ਦੇ ਮਾੜੇ ਪ੍ਰਭਾਵਾਂ ’ਤੇ ਆਧਾਰਿਤ ਨੁੱਕੜ ਨਾਟਕ ਵੀ ਖੇਡਿਆ ਗਿਆ। ਇਸ ਤੋਂ ਇਲਾਵਾ ਕਾਨੂੰਨੀ ਪਰਵਾਸ ਦੇ ਢੰਗ-ਤਰੀਕਿਆਂ ’ਤੇ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ।

