ਕਲਕੱਤਾ ਕਤਲ: ਪ੍ਰਸ਼ਾਸਨ ਤੇ ਐਕਸ਼ਨ ਕਮੇਟੀ ਵਿਚਾਲੇ ਮੀਟਿੰਗ ਬੇਸਿੱਟਾ
ਲੋਕ ਸਭਾ ਮੈਂਬਰ ਖ਼ਾਲਸਾ ਨੇ ਪੀੜਤ ਪਰਿਵਾਰ ਨਾਲ ਦੁੱਖ ਵੰਡਾਇਆ
ਕਸਬਾ ਸ਼ਹਿਣਾ ਦੇ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਅੱਜ ਛੇਵੇਂ ਦਿਨ ਵੀ ਸਸਕਾਰ ਨਹੀਂ ਹੋ ਸਕਿਆ। ਕਲਕੱਤਾ ਕਤਲ ਕਾਂਡ ਨੂੰ ਲੈ ਕੇ ਬਣਾਈ ਐਕਸ਼ਨ ਕਮੇਟੀ ਅਤੇ ਪ੍ਰਸ਼ਾਸਨ ਦੀ ਅੱਜ ਚੌਥੀ ਵਾਰੀ ਵੀ ਮੀਟਿੰਗ ਬੇਸਿੱਟਾ ਰਹੀ। ਅੱਜ ਦੀ ਮੀਟਿੰਗ ਬੇਸਿੱਟਾ ਰਹਿਣ ਬਾਰੇ ਜਾਣਕਾਰੀ ਕਮੇਟੀ ਮੈਂਬਰ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਸਟੇਜ ਤੋਂ ਦਿੱਤੀ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਦੁਬਾਰਾ ਮੀਟਿੰਗ ਹੋਵੇਗੀ। ਇਹ ਮੀਟਿੰਗ ਆਰ-ਪਾਰ ਦੀ ਹੋਵੇਗੀ।
ਐਕਸ਼ਨ ਕਮੇਟੀ ਹੁਣ ਵੀ ਹਲਕਾ ਵਿਧਾਇਕ ਦਾ ਨਾਮ ਐੱਫ.ਆਈ.ਆਰ. ਵਿੱਚ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੜੀ ਹੋਈ ਹੈ। ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਪਿੱਛੋਂ ਅੱਜ ਛੇਵੇਂ ਦਿਨ ਵੀ ਧਰਨਾ ਜਾਰੀ ਰਿਹਾ ਅਤੇ ਸਥਾਨਕ ਬਰਨਾਲਾ-ਬਾਜਾਖਾਨਾ ਜੀ.ਟੀ. ਰੋਡ ’ਤੇ ਚੱਕਾ ਜਾਮ ਰਿਹਾ। ਲਗਪਗ 40 ਪਿੰਡਾਂ ਤੋਂ ਲੋਕ ਅੱਜ ਦੇ ਧਰਨੇ ਵਿੱਚ ਸ਼ਾਮਲ ਹੋਏ। ਇਸੇ ਦੌਰਾਨ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚੋਂ ਇਨਸਾਫ਼ ਨਾ ਮਿਲਿਆ ਤਾਂ ਉਹ ਇਹ ਮਾਮਲਾ ਪਾਰਲੀਮੈਂਟ ਵਿੱਚ ਉਠਾਉਣਗੇ। ਅੱਜ ਦੇ ਧਰਨੇ ਨੂੰ ਵੱਖ-ਵੱਖ ਪਾਰਟੀਆਂ, ਟਰੇਡ ਯੂਨੀਅਨ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕੀਤਾ।