ਕੈਬਨਿਟ ਮੰਤਰੀ ਈ ਟੀ ਓ ਦੀ ਪਾਇਲਟ ਗੱਡੀ ਨੂੰ ਹਾਦਸਾ
ਚਾਰ ਪੁਲੀਸ ਮੁਲਾਜ਼ਮਾਂ ਸਣੇ ਪੰਜ ਜ਼ਖ਼ਮੀ; ਹੜ੍ਹ ਪੀੜਤਾਂ ਨੂੰ ਚੈੱਕ ਵੰਡਣ ਲਈ ਡੇਰਾ ਬਾਬਾ ਨਾਨਕ ਜਾ ਰਹੇ ਸਨ ਮੰਤਰੀ
ਕੇ ਪੀ ਸਿੰਘ
ਇਥੇ ਕਲਾਨੌਰ ਰੋਡ ’ਤੇ ਅੱਡਾ ਨੜਾਂਵਾਲੀ ਨੇੜੇ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਕਾਫ਼ਲੇ ਵਿੱਚ ਸ਼ਾਮਲ ਪਾਇਲਟ ਗੱਡੀ ਦੀ ਕਾਰ ਨਾਲ ਟੱਕਰ ਹੋ ਗਈ। ਇਸ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਕਾਰ ਚਾਲਕ ਤੇ ਪਾਇਲਟ ਗੱਡੀ ਵਿੱਚ ਸਵਾਰ ਚਾਰ ਪੁਲੀਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮੰਤਰੀ ਆਪਣੇ ਕਾਫ਼ਲੇ ਸਮੇਤ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਵੱਲ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਲਈ ਜਾ ਰਹੇ ਸਨ। ਇਸੇ ਦੌਰਾਨ ਕਲਾਨੌਰ ਵੱਲੋਂ ਆ ਰਹੀ ਕਾਰ ਦੀ ਉਨ੍ਹਾਂ ਦੀ ਪਾਇਲਟ ਗੱਡੀ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਵੇਲੇ ਕਾਫ਼ਲੇ ਵਿੱਚ ਮੰਤਰੀ ਦੇ ਨਾਲ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਹੋਰ ਪ੍ਰਸ਼ਾਸਨਕ ਅਧਿਕਾਰੀ ਸਨ।
ਹਾਦਸੇ ਤੋਂ ਤੁਰੰਤ ਬਾਅਦ ਈਟੀਓ ਅਤੇ ਡਿਪਟੀ ਕਮਿਸ਼ਨਰ ਨੇ ਵੀ ਬਚਾਅ ਕਾਰਜਾਂ ਵਿੱਚ ਮਦਦ ਕੀਤੀ ਅਤੇ ਜ਼ਖ਼ਮੀਆਂ ਨੂੰ ਹਾਦਸਾਗ੍ਰਸਤ ਗੱਡੀਆਂ ’ਚੋਂ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਇਲਾਜ ਲਈ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਏਐੱਸਆਈ ਬਲਵਿੰਦਰ ਸਿੰਘ, ਏਐੱਸਆਈ ਰਾਜਿੰਦਰ ਸਿੰਘ, ਪਾਇਲਟ ਗੱਡੀ ਦੇ ਡਰਾਈਵਰ ਬਲਕਾਰ ਚੰਦ, ਹੌਲਦਾਰ ਸੰਦੀਪ ਕੁਮਾਰ ਅਤੇ ਕਾਰ ਚਾਲਕ ਸੰਦੀਪ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਬਲਕਾਰ ਚੰਦ ਦੀ ਹਾਲਤ ਗੰਭੀਰ ਹੈ।