DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਾਅਲੀ ਦਸਤਾਵੇਜ਼ ਤਸਦੀਕ ਕਰਨ ਵਾਲਾ ਸੀਏ ਕਾਬੂ

ਪਰਲਜ਼ ਗਰੁੱਪ ਘੁਟਾਲਾ
  • fb
  • twitter
  • whatsapp
  • whatsapp
Advertisement

ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 19 ਜੁਲਾਈ

Advertisement

ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐੱਲ) ਘੁਟਾਲੇ ਦੇ ਮਾਮਲੇ ਵਿੱਚ ਲੁਧਿਆਣਾ ਦੇ ਚਾਰਟਰਡ ਅਕਾਊਂਟੈਂਟ (ਸੀਏ) ਜਸਵਿੰਦਰ ਸਿੰਘ ਡਾਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਸੀਏ ’ਤੇ ਜਾਅਲੀ ਦਸਤਾਵੇਜ਼ ਤਸਦੀਕ ਕਰਨ ਦਾ ਦੋਸ਼ ਹੈ। ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਵਿੰਗ ਥਾਣੇ ਵਿੱਚ ਬੀਤੀ 21 ਫਰਵਰੀ 2023 ਨੂੰ ਧਾਰਾ 406, 420, 465, 467, 468, 471, 384, 120-ਬੀ ਤਹਿਤ ਦਰਜ ਮਾਮਲੇ ਦੀ ਜਾਂਚ ਮਗਰੋਂ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀਏਸੀਐਲ ਦੀ ਐਕਸਟਰਾ ਔਰਡਨਰੀ ਜਨਰਲ ਮੀਟਿੰਗ (ਈਓਜੀਐਮ) ਜੈਪੁਰ ਵਿੱਚ ਇਸ ਦੇ ਰਜਿਸਟਰਡ ਦਫ਼ਤਰ ’ਚ ਹੋਈ ਦਿਖਾਈ ਗਈ ਸੀ, ਜਦਕਿ ਇਹ ਦਫ਼ਤਰ 7-8 ਸਾਲਾਂ ਤੋਂ ਬੰਦ ਪਿਆ ਸੀ। ਇਸ ਦੌਰਾਨ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਪੀਏਸੀਐਲ ਦੇ ਤਿੰਨ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ ਵੀ ਕੀਤੀ ਗਈ ਸੀ। ਸੀਏ ਜਸਵਿੰਦਰ ਸਿੰਘ ਡਾਂਗ ਨੇ ਸਹਿ ਮੁਲਜ਼ਮਾਂ ਨਾਲ ਸਾਜ਼ਿਸ਼ ਰਚ ਕੇ ਫ਼ਰਜ਼ੀ ਦਸਤਾਵੇਜ਼ ਤਸਦੀਕ ਕੀਤੇ ਅਤੇ ਤਿੰਨ ਨਵੇਂ ਡਾਇਰੈਕਟਰਾਂ ਹਿਰਦੈਪਾਲ ਸਿੰਘ ਢਿੱਲੋਂ, ਸੰਦੀਪ ਸਿੰਘ ਮਾਹਲ ਅਤੇ ਧਰਮਿੰਦਰ ਸਿੰਘ ਸੰਧੂ ਦੀ ਨਿਯੁਕਤੀ ਸਬੰਧੀ ਦਸਤਾਵੇਜ਼ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ। ਉਸ ਨੂੰ ਪਤਾ ਸੀ ਕਿ ਇਹ ਮੀਟਿੰਗ ਅਸਲ ਵਿੱਚ ਹੋਈ ਹੀ ਨਹੀਂ ਸੀ। ਵਿਜੀਲੈਂਸ ਅਨੁਸਾਰ ਉਹ ਇਸ ਗੱਲ ਤੋਂ ਵੀ ਜਾਣੂ ਸੀ ਕਿ ਲਗਪਗ 5 ਕਰੋੜ ਨਿਵੇਸ਼ਕਾਂ ਨੇ ਪਰਲਜ਼ ਗਰੁੱਪ ਪ੍ਰਾਜੈਕਟਾਂ ਵਿੱਚ ਲਗਪਗ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਮੁੱਖ ਮੰਤਰੀ ਦੇ ਹੁਕਮਾਂ ’ਤੇ ਪਰਲਜ਼ ਗਰੁੱਪ ਜ਼ਮੀਨ ਘੁਟਾਲੇ ਦੀ ਵੱਖ-ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement
×