ਸੀ. ਮਾਰਕੰਡਾ ਦੀ ਕਿਤਾਬ ‘ਕਈ ਜੁਗਨੂੰ ਕਈ ਤਾਰੇ’ ਕੀਤੀ ਲੋਕ ਅਰਪਣ
ਪੰਜਾਬੀ ਸਾਹਿਤ ਸਭਾ ਤਪਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਦੇ ਸਹਿਯੋਗ ਨਾਲ ਸਥਾਨਕ ਐੱਸਐੱਸਡੀ ਕਾਲਜ ਵਿਖੇ ਪੱਤਰਕਾਰ ਤੇ ਲੇਖਕ ਸੀ. ਮਾਰਕੰਡਾ ਦੀ ਨਵ-ਪ੍ਰਕਾਸ਼ਿਤ ਕਿਤਾਬ 'ਕਈ ਜੁਗਨੂੰ ਕਈ ਤਾਰੇ' ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਹਲਕਾ ਬਰਨਾਲਾ ਦੇ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਸਾਂਝੇ ਤੌਰ ਤੇ ਨਿਭਾਈ। ਇਨ੍ਹਾਂ ਦਾ ਸਾਥ ਨਗਰ ਕੌਂਸਲ ਤਪਾ ਦੀ ਪ੍ਰਧਾਨ ਡਾ. ਸੋਨਿਕਾ ਬਾਂਸਲ, ਸ੍ਰੀਮਤੀ ਲੀਲਾ ਵਤੀ ਮਾਰਕੰਡਾ, ਭੋਲਾ ਸਿੰਘ ਸੰਘੇੜਾ, ਪ੍ਰਿੰ. ਰਾਕੇਸ਼ ਜਿੰਦਲ, ਡਾ. ਬਾਲ ਚੰਦ ਬਾਂਸਲ ਅਤੇ ਡਾ. ਨਰੇਸ਼ ਗੁਪਤਾ ਨੇ ਦਿੱਤਾ।
ਇਸ ਮੌਕੇ ਬੋਲਦਿਆਂ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ਵਿਚ ਅਜਿਹੀਆਂ ਕਿਤਾਬਾਂ ਦੀ ਸਮਾਜ ਨੂੰ ਅੱਜ ਵਧੇਰੇ ਜ਼ਰੂਰਤ ਹੈ। ਸੀ. ਮਾਰਕੰਡਾ ਨੇ ਇਸ ਪੁਸਤਕ ਦੀ ਸਿਰਜਣਾ ਕਰ ਕੇ ਮਾਲਵੇ ਦੇ ਅਮੀਰ ਵਿਰਸੇ ਨੂੰ ਸੰਭਾਲਣ ਦਾ ਯਤਨ ਕੀਤਾ ਹੈ।
ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਪੁਸਤਕਾਂ ਨੂੰ ਸੰਭਾਲਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਆਧੁਨਿਕ ਕਿਸਮ ਦੀਆਂ ਲਾਇਬ੍ਰੇਰੀਆਂ ਦਾ ਨਿਰਮਾਣ ਕਰਵਾ ਰਹੀ ਹੈ। ਡਾ. ਨਵਦੀਪ ਕੌਰ ਦਾ ਵਿਚਾਰ ਸੀ ਕਿ ਇਹ ਕਿਤਾਬ ਅੱਜ ਦੇ ਵਿਦਿਆਰਥੀਆਂ ਲਈ ਮਾਰਗ ਦਰਸ਼ਨ ਦਾ ਕੰਮ ਕਰੇਗੀ।
ਭੋਲਾ ਸਿੰਘ ਸੰਘੇੜਾ, ਤੇਜਾ ਸਿੰਘ ਤਿਲਕ ਅਤੇ ਡਾ. ਹਰਿਭਗਵਾਨ ਦਾ ਸਾਂਝਾ ਮੱਤ ਸੀ ਕਿ ਮਾਰਕੰਡਾ ਨੇ ਆਪਣੀ ਵਿਲੱਖਣ ਸ਼ੈਲੀ ਤੇ ਸਰਲ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਇਕ ਅਨੂਠੀ ਪੁਸਤਕ ਪੰਜਾਬੀ ਪਾਠਕਾਂ ਨੂੰ ਪੜ੍ਹਨ ਲਈ ਦਿੱਤੀ ਹੈ।
ਇਸ ਮੌਕੇ ਹੋਏ ਕਵੀ ਦਰਬਾਰ ਦੀ ਸ਼ੁਰੂਆਤ ਮਨੀ ਅੰਮ੍ਰਿਤਸਰੀ ਦੇ ਗ਼ਜ਼ਲ ਗਾਇਨ ਨਾਲ ਹੋਈ ਜਿਸ ਵਿਚ ਰਾਮ ਸਰੂਪ ਸ਼ਰਮਾ, ਤੇਜਿੰਦਰ ਮਾਰਕੰਡਾ, ਜਗਤਾਰ ਜਜ਼ੀਰਾ, ਜਗਜੀਤ ਕੌਰ ਢਿਲਵਾਂ, ਉਜਾਗਰ ਸਿੰਘ ਮਾਨ, ਲਛਮਣ ਦਾਸ ਮੁਸਾਫਿਰ, ਰਘਵੀਰ ਸਿੰਘ ਗਿੱਲ ਅਤੇ ਟੇਕ ਢੀਂਗਰਾ ਚੰਦ ਆਦਿ ਨੇ ਭਾਗ ਲਿਆ। ਇਸ ਮੌਕੇ ਭੁਪਿੰਦਰ ਬਰਨਾਲਾ, ਸੱਤ ਪਾਲ ਮਾਨ, ਹਾਕਮ ਸਿੰਘ ਚੌਹਾਨ, ਕ੍ਰਿਸ਼ਨ ਚੰਦ ਸਿੰਗਲਾ, ਡਾ. ਨਰੇਸ਼ ਗੁਪਤਾ ਨੇ ਵੀ ਹਾਜ਼ਰੀ ਲਵਾਈ। ਮੰਚ ਸੰਚਾਲਨ ਜਗਜੀਤ ਕੌਰ ਢਿਲਵਾਂ ਨੇ ਬਾਖ਼ੂਬੀ ਨਿਭਾਇਆ।