DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿਮਨੀ ਚੋਣ: ਤਰਨ ਤਾਰਨ ’ਚ ਲੱਗੇਗੀ ਸਿਰ ਧੜ ਦੀ ਬਾਜ਼ੀ

ਅਗਾਮੀ ਵਿਧਾਨ ਸਭਾ ਚੋਣਾਂ ਤੋਂ 15 ਮਹੀਨੇ ਪਹਿਲਾਂ ਦੀ ਜ਼ਿਮਨੀ ਚੋਣ ਜਿੱਤਣ ਲਈ ਸਾਰੀਆਂ ਧਿਰਾਂ ਪੱਬਾਂ ਭਾਰ

  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਸਿਆਸੀ ਧਿਰਾਂ ਲਈ ਤਰਨ ਤਾਰਨ ਦੀ ਜ਼ਿਮਨੀ ਚੋਣ ਅਗਨੀ ਪ੍ਰੀਖਿਆ ਹੋਵੇਗੀ ਕਿਉਂਕਿ ਠੀਕ 15 ਮਹੀਨੇ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਨ। ਅਗਾਮੀ ਚੋਣਾਂ ਤੋਂ ਪਹਿਲਾਂ ਇਸ ਜ਼ਿਮਨੀ ਚੋਣ ਨੂੰ ਜਿੱਤਣ ਲਈ ਸਾਰੀਆਂ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ। ਪੰਜਾਬ ’ਚ ਆਏ ਭਿਆਨਕ ਹੜ੍ਹਾਂ ਦਾ ਪਰਛਾਵਾਂ ਵੀ ਜ਼ਿਮਨੀ ਚੋਣ ’ਤੇ ਪਵੇਗਾ। ਬੇਸ਼ੱਕ ਤਰਨ ਤਾਰਨ ਹਲਕਾ ਇਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਨਹੀਂ ਹੋਇਆ ਪਰ ਪੰਜਾਬ ’ਚ ਕੁਦਰਤੀ ਆਫ਼ਤ ਵੱਲੋਂ ਮਚਾਈ ਤਬਾਹੀ ਦਾ ਸਿਆਸੀ ਅਸਰ ਜ਼ਿਮਨੀ ਚੋਣ ’ਤੇ ਪੈਣ ਦੀ ਸੰਭਾਵਨਾ ਹੈ।

Advertisement

ਭਾਰਤੀ ਚੋਣ ਕਮਿਸ਼ਨ ਨੇ ਅੱਜ ਤਰਨ ਤਾਰਨ ਜ਼ਿਮਨੀ ਚੋਣ 11 ਨਵੰਬਰ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਐਲਾਨ ਮਗਰੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪ੍ਰਮੁੱਖ ਸਿਆਸੀ ਧਿਰਾਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਤਰਨ ਤਾਰਨ ਦੀ ਸੀਟ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਖ਼ਾਲੀ ਹੋਈ ਹੈ। ਆਮ ਆਦਮੀ ਪਾਰਟੀ ਨੇ ਤਿੰਨ ਵਾਰ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ, ਜੋ ਸ਼੍ਰੋਮਣੀ ਅਕਾਲੀ ਦਲ ਚੋਂ ‘ਆਪ’ ’ਚ ਆਏ ਹਨ। ਹਰਮੀਤ ਸਿੰਘ ਸੰਧੂ ਨੇ ਆਪਣਾ ਸਿਆਸੀ ਜੀਵਨ ਸਾਲ 2002 ਤੋਂ ਆਜ਼ਾਦ ਤੌਰ ’ਤੇ ਚੋਣ ਜਿੱਤ ਕੇ ਸ਼ੁਰੂ ਕੀਤਾ ਸੀ। ਸੰਧੂ ਨੇ ਸਾਲ 2007 ਅਤੇ 2012 ਦੀ ਚੋਣ ਵੀ ਬਤੌਰ ਅਕਾਲੀ ਉਮੀਦਵਾਰ ਜਿੱਤੀ ਸੀ। ਸਾਲ 2022 ਦੀ ਚੋਣ ’ਚ ਉਹ ‘ਆਪ’ ਉਮੀਦਵਾਰ ਤੋਂ ਹਾਰ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਬੀਮਾ ਯੋਜਨਾ ਅਤੇ ਪੇਂਡੂ ਲਿੰਕ ਸੜਕਾਂ ਦਾ ਮਹੂਰਤ ਤਰਨ ਤਾਰਨ ਹਲਕੇ ਤੋਂ ਕੀਤਾ ਹੈ। ਵਿਧਾਨ ਸਭਾ ’ਚ ‘ਆਪ’ ਦੇ ਇਸ ਵੇਲੇ 93 ਵਿਧਾਇਕ ਹਨ। ਜਦੋਂ ਪਿੱਛੇ ਜਿਹੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਹੋਈ ਤਾਂ ਉਸ ਵੇੇਲੇ ਪਾਰਟੀ ਨੇ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਵਾਅਦਾ ਕੀਤਾ, ਜੋ ਬਾਅਦ ਵਿੱਚ ਪੂਰਾ ਵੀ ਕੀਤਾ। ਉਸ ਤੋਂ ਪਹਿਲਾਂ ਜਲੰਧਰ ਪੱਛਮੀ ਦੀ ਉਪ ਚੋਣ ’ਚ ਮਹਿੰਦਰ ਭਗਤ ਨੂੰ ਮੰਤਰੀ ਬਣਾਏ ਜਾਣ ਦਾ ਵਾਅਦਾ ਕੀਤਾ ਜਿਹੜਾ ਬਾਅਦ ਵਿੱਚ ਕੈਬਨਿਟ ਮੰਤਰੀ ਬਣਾ ਕੇ ਪੂਰਾ ਕੀਤਾ ਗਿਆ। ਦੇਖਣਾ ਹੋਵੇਗਾ ਕਿ ਕੀ ਤਰਨ ਤਾਰਨ ਦੀ ਉਪ ਚੋਣ ’ਚ ਵੀ ਪਾਰਟੀ ਅਜਿਹੀ ਸਿਆਸੀ ਚਾਲ ਚੱਲਦੀ ਹੈ ਜਾਂ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਜੁਲਾਈ ’ਚ ਹੀ ਉਮੀਦਵਾਰ ਐਲਾਨ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਚੋਣ ਪ੍ਰਚਾਰ ਦੀ ਮੁਹਿੰਮ ਭਖਾਉਣ ’ਚ ਕਾਫ਼ੀ ਸਰਗਰਮ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਪੀੜਤਾਂ ਨੂੰ ਤੇਲ ਅਤੇ ਨਕਦੀ ਵੰਡ ਕੇ ਆਪਣੀ ਸਿਆਸੀ ਭੱਲ ਬਣਾਉਣ ਲਈ ਯਤਨ ਕੀਤੇ।

Advertisement

ਅਕਾਲੀ ਦਲ ਲਈ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਜ਼ਿਮਨੀ ਚੋਣ ’ਚ ਕਾਰਗੁਜ਼ਾਰੀ ਦਿਖਾਉਣਾ ‘ਕਰੋ ਜਾਂ ਮਰੋ’ ਵਾਂਗ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਹਮਲਾਵਰ ਮੁਹਿੰਮ ਚਲਾਉਣ ਦੇ ਰੌਂਅ ਹੈ ਅਤੇ ਪਾਰਟੀ ਵੱਲੋਂ ਪੂਰੀ ਤਾਕਤ ਝੋਕੀ ਜਾਣੀ ਹੈ। ਕਾਂਗਰਸ ਪਾਰਟੀ ਨੇ ਇਸ ਜ਼ਿਮਨੀ ਚੋਣ ’ਚ ਕਰਨਬੀਰ ਸਿੰਘ ਬੁਰਜ ਨੂੰ ਉਮੀਦਵਾਰ ਬਣਾਇਆ ਹੈ, ਜੋ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਸਮਝੇ ਜਾਂਦੇ ਹਨ। ਵਿੱਤੀ ਤੌਰ ’ਤੇ ਮਜ਼ਬੂਤ ਕਰਨਬੀਰ ਸਿੰਘ ਬੁਰਜ ਸਿਆਸੀ ਤੌਰ ’ਤੇ ਹਲਕੇ ’ਚ ਬਹੁਤੇ ਪਛਾਣੇ ਚਿਹਰੇ ਨਹੀਂ ਹਨ।

ਤਰਨ ਤਾਰਨ ਦੀ ਜ਼ਿਮਨੀ ਚੋਣ ’ਚ ਪੰਜਾਬ ਕਾਂਗਰਸ ਦੀ ਪਾਟੋਧਾੜ ਜਾਂ ਏਕਤਾ ਦਾ ਜ਼ਰੂਰ ਅਸਰ ਨਜ਼ਰ ਆਵੇਗਾ। ਭਾਜਪਾ ਨੇ ਹਰਜੀਤ ਸਿੰਘ ਸੰਧੂ ’ਤੇ ਟੇਕ ਲਾਈ ਹੈ। ਪੇਂਡੂ ਪ੍ਰਭਾਵ ਵਾਲੇ ਹਲਕੇ ਦੇ ਲੋਕਾਂ ਦਾ ਦਿਲ ਜਿੱਤਣਾ ਕਿਸੇ ਵੀ ਪਾਰਟੀ ਲਈ ਖਾਲਾ ਜੀ ਦਾ ਵਾੜਾ ਨਹੀਂ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੇ’ ਨੇ ਹਾਲੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਵੀ ਇਹ ਚੋਣ ਤੈਅ ਕਰੇਗੀ।

ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਹਲਕੇ ’ਚ ਆਪਣੇ ਵਿਧਾਇਕਾਂ ਅਤੇ ਵਜ਼ੀਰਾਂ ਦੀ ਤਾਇਨਾਤੀ ਕਰ ਦਿੱਤੀ ਹੈ।

ਤਰਨ ਤਾਰਨ ਪੇਂਡੂ ਪੈਂਠ ਵਾਲਾ ਹਲਕਾ

ਤਰਨ ਤਾਰਨ ਹਲਕਾ ਜ਼ਿਆਦਾ ਪੇਂਡੂ ਪ੍ਰਭਾਵ ਵਾਲਾ ਹੈ। ਹਲਕੇ ’ਚ ਕੁੱਲ 1.93 ਲੱਖ ਵੋਟਰ ਹਨ, ਜਿਨ੍ਹਾਂ ’ਚੋਂ 1.01 ਲੱਖ ਪੁਰਸ਼ ਵੋਟਰ ਅਤੇ 92,240 ਔਰਤ ਵੋਟਰ ਹਨ। ਹਲਕੇ ’ਚ ਕੁੱਲ 222 ਪੋਲਿੰਗ ਬੂਥ ਹਨ, ਜਿਨ੍ਹਾਂ ’ਚੋਂ 60 ਸ਼ਹਿਰੀ ਬੂਥ ਅਤੇ 122 ਦਿਹਾਤੀ ਬੂਥ ਹਨ। ਤਰਨ ਤਾਰਨ ਹਲਕੇ ਵਿੱਚ 96 ਪਿੰਡ ਪੈਂਦੇ ਹਨ, ਜਿਨ੍ਹਾਂ ਦੀ ਵੋਟ ਫ਼ੈਸਲਾਕੁਨ ਸਾਬਤ ਹੋਵੇਗੀ। ਤਰਨ ਤਾਰਨ ਹਲਕਾ ਪੰਥਕ ਸੋਚ ਵਾਲਾ ਮੰਨਿਆ ਜਾਂਦਾ ਹੈ।

Advertisement
×