ਬੱਸ ਕਾਮਿਆਂ ਵੱਲੋਂ ਵਿਧਾਨ ਸਭਾ ਵੱਲ ਕੂਚ ਕਰਨ ਦਾ ਐਲਾਨ
ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ . ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਭਲਕੇ 29 ਸਤੰਬਰ ਨੂੰ ਵਿਧਾਨ ਸਭਾ ਵੱਲ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਤੇ ਮਸਲੇ...
ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ . ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਭਲਕੇ 29 ਸਤੰਬਰ ਨੂੰ ਵਿਧਾਨ ਸਭਾ ਵੱਲ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਤੇ ਮਸਲੇ ਹੱਲ ਕਰਨ ਸਬੰਧੀ ਕੋਈ ਸੰਦੇਸ਼ ਨਾ ਆਇਆ ਤਾਂ ਸੂਬੇ ਭਰ ਵਿੱਚ ਚੱਲ ਰਹੀਆਂ ਬੱਸਾਂ ਦਾ ਤੁਰੰਤ ਚੱਕਾ ਜਾਮ ਕਰ ਦਿੱਤਾ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਚੇਅਰਮੈਨ ਬਲਵਿੰਦਰ ਸਿੰਘ ਰਾਠ, ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਤੇ ਸੀਨੀਅਰ ਮੀਤ ਪ੍ਰਧਾਨ ਹਰਮੇਸ਼ ਕੁਮਾਰ ਵਿੱਕੀ ਨੇ ਕਿਹਾ ਕਿ ਭਲਕੇ 10.30 ਦੇ ਕਰੀਬ ਪੰਜਾਬ ਦੇ ਵੱਖ-ਵੱਖ ਡਿੱਪੂਆਂ ਤੋਂ ਜਥੇਬੰਦੀ ਦੇ ਸਮੂਹ ਵਰਕਰ ਮੁਹਾਲੀ ਵਿੱਚ ਇਕੱਤਰ ਹੋਣਗੇ ਜਿੱਥੋਂ ਕਿ ਵਿਧਾਨ ਸਭਾ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਟਰਾਂਸਪੋਰਟ ਦੇ ਕਰਮਚਾਰੀਆਂ ਦੇ ਮਸਲੇ ਹੱਲ ਕਰਨ ਲਈ ਪਹਿਲੀ ਜੁਲਾਈ 2024 ਨੂੰ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਨੂੰ ਇੱਕ ਮਹੀਨੇ ਦੇ ਵਿੱਚ ਮਸਲੇ ਹੱਲ ਕਰਨ ਵਾਸਤੇ ਸਮਾਂਬੱਧ ਕੀਤਾ ਗਿਆ ਸੀ। ਲਗਪਗ 50 ਤੋਂ 55 ਮੀਟਿੰਗਾਂ ਟਰਾਂਸਪੋਰਟ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ ਪਰ ਹਰ ਵਾਰ ਲਾਰੇ ਲਗਾ ਕੇ ਡੰਗ ਟਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਮੁਨਾਫ਼ੇ ਵਿੱਚ ਹੈ ਪ੍ਰੰਤੂ ਸਰਕਾਰ ਮੁਫ਼ਤ ਸਫ਼ਰ ਵਾਲ਼ਾ ਪੈਸਾ ਸਮੇਂ ਸਿਰ ਰਿਲੀਜ਼ ਨਾ ਕਰਕੇ ਨਵੀਆਂ ਬੱਸਾਂ ਪਾਉਣ ਤੋਂ ਰੋਕ ਲਾ ਰਹੀ ਹੈ ਅਤੇ ਕਿਲੋਮੀਟਰ ਸਕੀਮ ਵਾਲੀਆਂ ਪ੍ਰਾਈਵੇਟ ਬੱਸਾਂ ਨੂੰ ਵਧਾਉਣਾ ਚਾਹੁੰਦੀ ਹੈ। ਸਰਕਾਰ ਨੇ ਨਾ ਤਾਂ ਇਹ ਕਰਮਚਾਰੀ ਹੀ ਪੱਕੇ ਕੀਤੇ ਅਤੇ ਨਾ ਹੀ ਕੋਈ ਵਿਭਾਗ ਦੀ ਬੱਸ ਨਵੀਂ ਖਰੀਦੀ।