ਬੱਸ ਕੰਪਨੀ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ
ਅੱਜ ਇਥੋਂ ਦੇ ਬੱਸ ਅੱਡੇ ’ਤੇ ਨਿੱਜੀ ਟਰਾਂਸਪੋਰਟ ਕੰਪਨੀ ਦੇ ਕਰਮਚਾਰੀ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਨਿੱਜੀ ਟਰਾਂਸਪੋਰਟ ਕੰਪਨੀ ਸਿਆਸੀ ਆਗੂ ਦੀ ਹੈ। ਮ੍ਰਿਤਕ ਦੀ ਸ਼ਨਾਖਤ ਮੱਖਣ ਸਿੰਘ ਵੱਜੋਂ ਹੋਈ ਹੈ, ਬੱਸ...
ਅੱਜ ਇਥੋਂ ਦੇ ਬੱਸ ਅੱਡੇ ’ਤੇ ਨਿੱਜੀ ਟਰਾਂਸਪੋਰਟ ਕੰਪਨੀ ਦੇ ਕਰਮਚਾਰੀ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਨਿੱਜੀ ਟਰਾਂਸਪੋਰਟ ਕੰਪਨੀ ਸਿਆਸੀ ਆਗੂ ਦੀ ਹੈ। ਮ੍ਰਿਤਕ ਦੀ ਸ਼ਨਾਖਤ ਮੱਖਣ ਸਿੰਘ ਵੱਜੋਂ ਹੋਈ ਹੈ, ਬੱਸ ਕੰਪਨੀ ਦਾ ਅੱਡਾ ਇੰਚਾਰਜ ਸੀ। ਗੋਲੀਆਂ ਵੱਜਣ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧ ਵਿੱਚ ਪੁਲੀਸ ਵੱਲੋਂ ਗੈਂਗਸਟਰ ਡੋਨੀ ਬੱਲ ਅਤੇ ਅਣਪਛਾਤਿਆਂ ਖ਼ਿਲਾਫ਼ ਥਾਣਾ ਏ ਡਿਵੀਜ਼ਨ ਰਾਮਬਾਗ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸਵੇਰੇ ਪਹਿਲਾਂ ਇਸ ਨੂੰ ਦੋ ਨਿੱਜੀ ਕੰਪਨੀਆਂ ਦੇ ਕਰਿੰਦਿਆਂ ਦੀ ਆਪਸ ਵਿੱਚ ਹੋਏ ਲੜਾਈ ਦਾ ਨਤੀਜਾ ਦੱਸਿਆ ਗਿਆ। ਸ਼ਿਕਾਇਤਕਰਤਾ ਕੰਵਲਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਖੁਦ ਨਿੱਜੀ ਕੰਪਨੀ ਦਾ ਅੱਡਾ ਇੰਚਾਰਜ ਹੈ ਅਤੇ ਮੱਖਣ ਸਿੰਘ ਸਹਾਇਕ ਅੱਡਾ ਇੰਚਾਰਜ ਹੈ। ਉਹ ਸਵੇਰੇ ਬੱਸ ਅੱਡੇ ਦੇ ਕਾਊਂਟਰ ਨੰਬਰ ਨੌ ’ਤੇ ਆਪਣੀ ਕੰਪਨੀ ਦੀ ਬੱਸ ਵਿੱਚ ਸਵਾਰੀਆਂ ਨੂੰ ਭਰ ਰਹੇ ਸਨ, ਉਸ ਵੇਲੇ ਮੱਖਣ ਸਿੰਘ ਵੀ ਉਥੇ ਸੀ। ਇਸ ਦੌਰਾਨ ਹਥਿਆਰਬੰਦ ਤਿੰਨ ਅਣਪਛਾਤੇ ਆਏ ਤੇ ਉਨ੍ਹਾਂ ਨੇ ਨੇੜਿਓਂ ਉਸ ’ਤੇ ਗੋਲੀਆਂ ਚਲਾਈਆਂ। ਮੱਖਣ ਸਿੰਘ ਹਮਲਾਵਰਾਂ ਨੂੰ ਦੇਖ ਕੇ ਭੱਜਿਆ ਪਰ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਕੇ ਡਿੱਗ ਗਿਆ। ਇਸ ਦੌਰਾਨ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਗੈਂਗਸਟਰ ਗਰੁੱਪ ਵੱਲੋਂ ਜ਼ਿੰਮੇਵਾਰੀ ਵੀ ਲਈ ਗਈ ਹੈ।

