DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੁੱਢਾ ਨਾਲਾ: ਰਾਜਪਾਲ ਵੱਲੋਂ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ

ਚਰਨਜੀਤ ਭੁੱਲਰ ਚੰਡੀਗੜ੍ਹ, 27 ਸਤੰਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ਦੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਨਵੇਂ ਰਾਜਪਾਲ ਕਟਾਰੀਆ ਨੇ ਪਹਿਲੀ ਦਫ਼ਾ ਇਹ ਰਿਪੋਰਟ ਮੰਗੀ ਹੈ, ਜਿਸ ਤੋਂ ਕਈ ਨਵੇਂ ਸਿਆਸੀ ਸੰਕੇਤ...
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 27 ਸਤੰਬਰ

Advertisement

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ਦੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਨਵੇਂ ਰਾਜਪਾਲ ਕਟਾਰੀਆ ਨੇ ਪਹਿਲੀ ਦਫ਼ਾ ਇਹ ਰਿਪੋਰਟ ਮੰਗੀ ਹੈ, ਜਿਸ ਤੋਂ ਕਈ ਨਵੇਂ ਸਿਆਸੀ ਸੰਕੇਤ ਵੀ ਮਿਲ ਰਹੇ ਹਨ। ਪਿਛਲੇ ਦਿਨੀਂ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਪੰਜਾਬ ਪੰਚਾਇਤੀ ਰਾਜ ਐਕਟ 1994 ਵਿੱਚ ਕੀਤੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪਰ ਬਾਕੀ ਬਿੱਲਾਂ ਦਾ ਹਾਲੇ ਤੱਕ ਥਹੁ ਪਤਾ ਨਹੀਂ ਲੱਗਿਆ।

ਰਾਜਪਾਲ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਬਾਰੇ ਕਾਰਵਾਈ ਰਿਪੋਰਟ ਮੰਗੀ ਹੈ, ਜਿਸ ਸਬੰਧੀ ਸੂਬਾ ਸਰਕਾਰ ਨੇ ਤਿਆਰੀ ਵਿੱਢ ਦਿੱਤੀ ਹੈ। ਪਹਿਲਾਂ ਅੰਤਰ ਵਿਭਾਗੀ ਬਣਾਏ ਜਾਣ ਦੀ ਗੱਲ ਵੀ ਚੱਲੀ ਸੀ ਪਰ ਹੁਣ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵੇਰਵੇ ਮੰਗੇ ਗਏ ਹਨ ਤਾਂ ਜੋ ਰਾਜ ਭਵਨ ਨੂੰ ਭੇਜੇ ਜਾ ਸਕਣ। ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨੀਂ ਪ੍ਰਾਈਵੇਟ ਗਰੁੱਪ ਨਾਲ ਮਿਲ ਕੇ ਬੁੱਢੇ ਨਾਲੇ ਦੀ ਸਫ਼ਾਈ ਬਾਰੇ ਤਿੰਨ ਪੜਾਵੀ ਰਣਨੀਤੀ ਵੀ ਬਣਾਈ ਸੀ। ਹੁਣ ਰਿਪੋਰਟ ਮੰਗੇ ਜਾਣ ਪਿੱਛੋਂ ਹਿਲਜੁਲ ਸ਼ੁਰੂ ਹੋਈ ਹੈ। ਰਾਜਸਥਾਨ ਦੇ ਰਾਜਪਾਲ ਹਰੀਭਾਉ ਬਾਗਡੇ ਨੇ ਸਤਲੁਜ ਦਰਿਆ ਜ਼ਰੀਏ ਰਾਜਸਥਾਨ ਵਿੱਚ ਪੁੱਜ ਰਹੇ ਦੂਸ਼ਿਤ ਪਾਣੀ ਬਾਰੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ ਹੈ ਅਤੇ ਇਸੇ ਤਰ੍ਹਾਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਬਾਰੇ ਉਠਾਏ ਸਵਾਲਾਂ ਦਾ ਵੇਰਵਾ ਵੀ ਪੱਤਰ ਨਾਲ ਨੱਥੀ ਕੀਤਾ ਗਿਆ ਸੀ।

ਰਾਜਸਥਾਨ ਦੇ ਰਾਜਪਾਲ ਨੇ ਸੂੁਬੇ ਦੇ ਸੰਯੁਕਤ ਕਿਸਾਨ ਮੋਰਚਾ ਗੰਗਾਨਗਰ ਦਾ ਪੱਤਰ ਵੀ ਭੇਜਿਆ ਹੈ। ਮੁੱਖ ਤੌਰ ’ਤੇ ਸਤਲੁਜ ਦਰਿਆ ਵਿਚ ਸ਼ਹਿਰਾਂ ਦੇ ਪੈਂਦੇ ਦੂਸ਼ਿਤ ਪਾਣੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਲੁਧਿਆਣਾ, ਜਲੰਧਰ, ਫਗਵਾੜਾ ਅਤੇ ਰੋਪੜ ਸ਼ਹਿਰਾਂ ਦੇ ਪਾਣੀ ਦੀ ਨਿਕਾਸੀ ਸਤਲੁਜ ਦਰਿਆ ਵਿੱਚ ਹੋਣ ਦੀ ਗੱਲ ਆਖੀ ਗਈ ਹੈ।

ਰਾਜਸਥਾਨ ਦੇ ਰਾਜਪਾਲ ਨੇ ਲਿਖਿਆ ਹੈ ਕਿ ਸਤਲੁਜ ਦਾ ਪਾਣੀ ਪੱਛਮੀ ਬੀਕਾਨੇਰ ਦੇ ਦਰਜਨ ਜ਼ਿਲ੍ਹਿਆਂ ਵਿੱਚ ਕਹਿਰ ਢਾਹ ਰਿਹਾ ਹੈ ਅਤੇ ਕੈਂਸਰ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ। ਦੂਸ਼ਿਤ ਪਾਣੀ ਬਾਰੇ ਰਾਜਸਥਾਨ ਵਿੱਚ ਹੋ ਰਹੇ ਕਿਸਾਨ ਅੰਦੋਲਨਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਇਸੇ ਆਧਾਰ ’ਤੇ ਪੰਜਾਬ ਦੇ ਰਾਜਪਾਲ ਨੇ ਸੂਬਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਰਾਜਸਥਾਨ ਵਿੱਚ ਪਹਿਲਾਂ ਵੀ ਇਹ ਮੁੱਦਾ ਕਾਫ਼ੀ ਵਾਰ ਉੱਠਿਆ ਹੈ ਕਿ ਪੰਜਾਬ ਦਾ ਦੂਸ਼ਿਤ ਪਾਣੀ ਨਹਿਰਾਂ ਜ਼ਰੀਏ ਰਾਜਸਥਾਨ ਪਹੁੰਚ ਰਿਹਾ ਹੈ। ਰਾਜਸਥਾਨ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾ ਚੁੱਕਾ ਹੈ। ਬੁੱਢੇ ਨਾਲੇ ਦਾ ਪਾਣੀ ਅੱਗੇ ਰਾਜਸਥਾਨ ਨਹਿਰ ਤੱਕ ਪੁੱਜਦਾ ਹੈ।

ਰਾਜਪਾਲ ਨੂੰ ਆਪਣੇ ਰਾਜਸਥਾਨ ਦਾ ਫ਼ਿਕਰ...

ਰਾਜਪਾਲ ਗੁਲਾਬ ਚੰਦ ਕਟਾਰੀਆ ਰਾਜਸਥਾਨ ਤੋਂ ਹਨ ਅਤੇ ਉਨ੍ਹਾਂ ਨੇ ਜਦੋਂ ਵਿਭਾਗੀ ਸਕੱਤਰਾਂ ਦੀ ਮੀਟਿੰਗ ਬੁਲਾਈ ਸੀ ਤਾਂ ਉਦੋਂ ਵੀ ਰਾਜਸਥਾਨ ਨਹਿਰ ਵਿੱਚ ਜਾਂਦੇ ਦੂਸ਼ਿਤ ਪਾਣੀ ਦਾ ਮਾਮਲਾ ਚੁੱਕਿਆ ਸੀ। ਹੁਣ ਉਹ ਬਤੌਰ ਪੰਜਾਬ ਦੇ ਰਾਜਪਾਲ ਆਪਣੇ ਸੂਬੇ ਰਾਜਸਥਾਨ ਦੇ ਇਸ ਮਾਮਲੇ ਨੂੰ ਹੱਲ ਕਰਾਉਣ ਦੇ ਇੱਛੁਕ ਹਨ। ਇਸ ਤੋਂ ਪਹਿਲਾਂ ਗਜੇਂਦਰ ਸ਼ੇਖਾਵਤ ਵੀ ਕਾਫ਼ੀ ਵਾਰ ਮਾਮਲਾ ਸੂਬਾ ਸਰਕਾਰ ਕੋਲ ਉਠਾ ਚੁੱਕੇ ਸਨ।

Advertisement
×