ਆਤਿਸ਼ ਗੁਪਤਾ
ਪੰਜਾਬ ਵਿੱਚ ਦਲਿਤਾਂ ’ਤੇ ਅੱਤਿਆਚਾਰ ਰੋਕਣ ਲਈ ਅੱਜ ਬਸਪਾ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਨਵਾਂ ਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ, ਸੂਬਾ ਕੋਆਰਡੀਨੇਟਰ ਅਜੀਤ ਸਿੰਘ ਭੈਣੀ, ਤੀਰਥ ਸਿੰਘ ਮਹਿਰਾ, ਚੌਧਰੀ ਗੁਰਨਾਮ ਸਿੰਘ ਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਰਾਜਪਾਲ ਨਾਲ ਦਲਿਤਾਂ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ। ਆਗੂਆਂ ਨੇ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਮੌਤ ਮਾਮਲੇ ਦੀ ਨਿਰਪੱਖ ਜਾਂਚ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਵੀ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਦਲਿਤ ਵਰਗ ਦੀ ਬਾਂਹ ਫੜੇ।
ਕਾਤਲਾਂ ਨੂੰ ਬਚਾਅ ਰਹੀ ਹੈ ਸਰਕਾਰ: ਸੁਮਨ
ਚੰਡੀਗੜ੍ਹ (ਟਨਸ): ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਰਾਮਜੀ ਲਾਲ ਸੁਮਨ ਅੱਜ ਮਰਹੂਮ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਇਥੇ ਸੈਕਟਰ-24 ਸਥਿਤ ਰਿਹਾਇਸ਼ ’ਤੇ ਪਹੁੰਚੇ। ਇਸ ਦੌਰਾਨ ਸੰਸਦ ਮੈਂਬਰ ਨੇ ਪੂਰਨ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਿਤਾ ਨਾਲ ਦੁੱਖ ਸਾਂਝਾ ਕੀਤਾ। ਸੰਸਦ ਮੈਂਬਰ ਨੇ ਕਿਹਾ ਕਿ ਖ਼ੁਦਕੁਸ਼ੀ ਨੋਟ ਦੇ ਬਾਵਜੂਦ ਹਰਿਆਣਾ ਸਰਕਾਰ ਕਾਤਲਾਂ ਨੂੰ ਬਚਾਅ ਰਹੀ ਹੈ।