ਬਰਤਾਨਵੀ ਆਗੂਆਂ ਨੇ ‘ਅਪਰੇਸ਼ਨ ਬਲੂੁ ਸਟਾਰ’ ’ਚ ਯੂਕੇ ਦੀ ਭੂਮਿਕਾ ਦੀ ਜਾਂਚ ਮੰਗੀ
ਲੰਡਨ, 5 ਜੂਨ
ਬਰਤਾਨਵੀ ਸੰਸਦ ਦੇ ਸਿੱਖ ਮੈਂਬਰਾਂ ਵਰਿੰਦਰ ਜੱਸ ਅਤੇ ਜੱਸ ਅਠਵਾਲ ਨੇ 1984 ਵਿੱਚ ਹੋਏ ‘ਅਪਰੇਸ਼ਨ ਬਲੂ ਸਟਾਰ’ ਵਿੱਚ ਯੂਕੇ ਦੀ ਮਾਰਗਰੇਟ ਥੈਚਰ ਸਰਕਾਰ ਦੀ ਸ਼ਮੂਲੀਅਤ ਸਬੰਧੀ ਆਜ਼ਾਦਾਨਾ ਜਾਂਚ ਦੀ ਆਪਣੀ ਮੰਗ ਦੁਹਰਾਈ ਹੈ। ਉੱਤਰੀ ਇੰਗਲੈਂਡ ਦੇ ਵੁਲਵਰਹੈਪਟਨ ਤੋਂ ਸੱਤਾਧਾਰੀ ਲੇਬਰ ਪਾਰਟੀ ਦੇ ਨੁਮਾਇੰਦੇ ਵਰਿੰਦਰ ਜੱਸ ਤੇ ਪੂਰਬੀ ਹਿੱਸੇ ’ਚ ਇਲਫੋਰਡ ਦੱਖਣੀ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਅਠਵਾਲ ਨੇ ਹਾਊਸ ਆਫ ਕਾਮਨਜ਼ ਦੀ ਆਗੂ ਲੂਸੀ ਪਾਵੇਲ ਸਾਹਮਣੇ ਸਦਨ ’ਚ ਇਹ ਮੁੱਦਾ ਉੁਠਾਇਆ। ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਭਾਰਤੀ ਫੌਜ ਵੱਲੋਂ ਕੀਤੀ ਕਾਰਵਾਈ ਦੀ 41ਵੀਂ ਵਰ੍ਹੇਗੰਢ ਮੌਕੇ ਇਸ ਮੁੱਦੇ ਨੂੰ ਉਭਾਰਿਆ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਸਾਥੀ ਸਿੱਖ ਲੇਬਰ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਪਾਵੇਲ ਵੱਲੋਂ ਦਿੱਤੇ ਗਏ ਭਰੋਸੇ ਵੱਲ ਧਿਆਨ ਦਿਵਾਇਆ ਕਿ ‘‘ਜੋ ਕੁਝ ਵੀ ਹੋਇਆ ਉਸ ਦੀ ਤਹਿ ਤੱਕ ਜਾਣ ਦੀ ਲੋੜ ਹੈ।’’ ਵਰਿੰਦਰ ਨੇ ਕਿਹਾ, ‘‘2014 ’ਚ ਸਾਹਮਣੇ ਆਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਥੈਚਰ ਸਰਕਾਰ ਨੇ ਅਪਰੇਸ਼ਨ ਬਲੂ ਸਟਾਰ ਲਈ ਸਲਾਹ ਦੇ ਕੇ ਆਪਣੀ ਭਾਰਤੀ ਹਮਰੁਤਬਾ ਦੀ ਮਦਦ ਕੀਤੀ ਸੀ।’’ ਉਨ੍ਹਾਂ ਕਿਹਾ ਕਿ ਬੇਅਦਬੀ ’ਚ ਬਰਤਾਨੀਆ ਦੀ ਸ਼ਮੂਲੀਅਤ ਸਬੰਧੀ ਸਵਾਲਾਂ ਦੇ ਜਵਾਬ ਹਾਲੇ ਵੀ ਨਹੀਂ ਮਿਲੇ। -ਪੀਟੀਆਈ