DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਈਆ ਰੇਲਵੇ ਫਾਟਕ ਨੇੜੇ ਸਭਰਾਉਂ ਬਰਾਂਚ ਨਹਿਰ ’ਚ ਪਾੜ

ਨੇਡ਼ਲੇ ਪਿੰਡਾਂ ਦੇ ਖੇਤਾਂ ਵਿੱਚ ਪੰਜ ਤੋਂ ਛੇ ਫੁੱਟ ਪਾਣੀ ਭਰਿਆ; ਕਈ ਏਕਡ਼ ਫ਼ਸਲ ਖਰਾਬ ਹੋਣ ਦਾ ਖ਼ਦਸ਼ਾ
  • fb
  • twitter
  • whatsapp
  • whatsapp
featured-img featured-img
ਸਭਰਾਉਂ ਬਰਾਂਚ ਨਹਿਰ ਵਿੱਚ ਪਏ ਪਾੜ ਕਾਰਨ ਖੇਤਾਂ ਵਿੱਚ ਜਾ ਰਿਹਾ ਪਾਣੀ।
Advertisement

ਇੱਥੇ ਅੱਜ ਸਵੇਰੇ ਕਰੀਬ 9 ਵਜੇ ਸਭਰਾਉਂ ਬਰਾਂਚ ਨਹਿਰ ਵਿੱਚ ਸਥਾਨਕ ਕਸਬੇ ਨੇੜਲੇ ਰੇਲਵੇ ਫਾਟਕ ਕੋਲ ਪਾੜ ਪੈਣ ਕਾਰਨ ਨੀਵੇਂ ਖੇਤਾਂ ਵਿੱਚ ਪੰਜ ਤੋਂ ਛੇ ਫੁੱਟ ਪਾਣੀ ਭਰ ਗਿਆ। ਇਸ ਨਾਲ ਖੇਤਾਂ ਵਿੱਚ ਖੜ੍ਹੀ ਫ਼ਸਲ ਪਾਣੀ ਵਿੱਚ ਡੁੱਬ ਗਈ ਅਤੇ ਪਾਣੀ ਰਈਆ ਨਾਥ ਦੀ ਖੂਹੀ ਵੱਲ ਜਾਂਦੀ ਸੜਕ ਪਾਰ ਕਰ ਕੇ ਦੂਜੇ ਪਾਸੇ ਖੇਤਾਂ ਵਿੱਚ ਵੜ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੀ ਸਹਾਇਤਾ ਨਾਲ ਪਾੜ ਪੂਰਨ ਦਾ ਯਤਨ ਕੀਤਾ ਪਰ ਖ਼ਬਰ ਲਿਖੇ ਜਾਣ ਤੱਕ ਪਾੜ ਪੂਰਿਆ ਨਹੀਂ ਜਾ ਸਕਿਆ ਸੀ।

ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਪੁਲੀਸ, ਸਿਵਲ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੂੰ ਪ੍ਰੇਰਿਤ ਕਰ ਕੇ ਨਹਿਰ ਦਾ ਪਾੜ ਪੂਰਨ ਲਈ ਖ਼ੁਦ ਕੰਮ ਦੀ ਨਿਗਰਾਨੀ ਕਰ ਰਹੇ ਸਨ। ਜਾਣਕਾਰੀ ਅਨੁਸਾਰ ਅੱਜ ਕੁਝ ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਨਹਿਰ ਕੰਢੇ ਗੁੱਜਰ ਬਰਾਦਰੀ ਵੱਲੋਂ ਪਸ਼ੂ ਚਾਰੇ ਜਾਂਦੇ ਹਨ। ਨਹਿਰ ਵਿੱਚ ਪਸ਼ੂਆਂ ਨੂੰ ਪਾਣੀ ਪਿਆਉਣ ਅਤੇ ਨਹਾਉਣ ਕਾਰਨ ਨਹਿਰੀ ਕੰਢਾ ਖੁਰ ਗਿਆ ਸੀ। ਇਸ ਸਬੰਧੀ ਕਈ ਵਾਰ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ। ਪਾੜ ਪੈਣ ਮਗਰੋਂ ਪ੍ਰਸ਼ਾਸਨ ਵੱਲੋਂ ਰਈਆ ਤੋਂ ਨਾਥ ਦੀ ਖੂਹੀ ਜਾਂਦੀ ਸਾਰੀ ਆਵਾਜਾਈ ਬੰਦ ਕਰ ਦਿੱਤੀ ਗਈ। ਸੂਚਨਾ ਮਿਲਣ ਮਗਰੋਂ ਐੱਸਡੀਐੱਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ ਨਹਿਰ ’ਤੇ ਪੁੱਜੇ ਅਤੇ ਨਹਿਰ ਦੇ ਸਾਰੇ ਗੇਟ ਖੁੱਲ੍ਹਵਾਏ ਜਿਸ ਨਾਲ ਪਾਣੀ ਦਾ ਪੱਧਰ ਘੱਟ ਹੋਇਆ।

Advertisement

ਪਾਣੀ ਘਰਾਂ ਵਿੱਚ ਨਹੀਂ ਵੜੇਗਾ: ਡੀਸੀ

ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਖੇਤਰਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਾਣੀ ਲਾਉਣਾ ਬੰਦ ਕਰਨ ਕਰਕੇ ਸਭਰਾਉ ਬਰਾਂਚ ਨਹਿਰ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ ਜ਼ਿਆਦਾ ਹੋ ਗਿਆ। ਇਸ ਕਾਰਨ ਨਹਿਰੀ ਕੰਢਾ ਖੁਰਨ ਕਾਰਨ ਪਾੜ ਪਿਆ ਹੈ। ਨਗਰ ਪੰਚਾਇਤ ਰਈਆ, ਪੰਚਾਇਤਾਂ ਅਤੇ ਨਹਿਰੀ ਵਿਭਾਗ ਵੱਲੋਂ ਮਿਲ ਕੇ ਨਹਿਰ ਦਾ ਪਾੜ ਪੂਰਨ ਲਈ ਕੰਮ ਕੀਤਾ ਜਾ ਰਿਹਾ ਹੈ। ਨਹਿਰੀ ਪਾਣੀ ਕਾਰਨ ਤਿੰਨ ਪਿੰਡਾਂ ਦੇ ਖੇਤਾਂ ਵਿੱਚ ਖੜ੍ਹੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ ਪਰ ਪਾਣੀ ਘਰਾਂ ਵਿੱਚ ਨਹੀਂ ਜਾਵੇਗਾ।

ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ

ਰਈਆ (ਪੱਤਰ ਪ੍ਰੇਰਕ): ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈਣ ਅਤੇ ਬੱਦਲ ਫਟਣ ਕਾਰਨ ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਕੇ ਲਗਾਤਾਰ ਵਧਣ ਕਾਰਨ ਮੰਡ ਵਿਚਲੀਆਂ ਫ਼ਸਲਾਂ ਅਤੇ ਨੇੜਲੇ ਪਿੰਡਾਂ ਨੂੰ ਖ਼ਤਰਾ ਬਣਿਆ ਹੋਇਆ ਹੈ। ਬਿਆਸ ਦਰਿਆ ’ਤੇ ਅੱਜ ਸਵੇਰੇ 10 ਵਜੇ ਤੱਕ 1.27800 ਕਿਊਸਿਕ ਪਾਣੀ ਚੱਲ ਰਿਹਾ ਸੀ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਧੁੱਸੀ ਬੰਨ੍ਹ ਨਾਲ ਲੱਗ ਚੁੱਕਿਆ ਹੈ ਅਤੇ ਧੁੱਸੀ ਬੰਨ੍ਹ ਵਿੱਚ ਖੇਤਾਂ ਵਿਚਲੀ ਫ਼ਸਲ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਹੈ। ਨੀਵੇਂ ਪੇਂਡੂ ਖੇਤਰ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣਾ ਜਾਰੀ

ਨੰਗਲ (ਬਲਵਿੰਦਰ ਰੈਤ): ਹਿਮਾਚਲ ਪ੍ਰਦੇਸ਼ ਅਤੇ ਪਹਾੜੀ ਖੇਤਰਾਂ ’ਚ ਪੈ ਰਹੇ ਮੀਂਹ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1650.08 ਫੁੱਟ ਰਿਕਾਰਡ ਕੀਤਾ ਗਿਆ ਹੈ। ਭਾਖੜਾ ਡੈਮ ਵਿੱਚ ਹਿਮਾਚਲੀ ਖੇਤਰਾਂ ਤੋਂ 60,584 ਕਿਊਸਿਕ ਪਾਣੀ ਆ ਰਿਹਾ ਹੈ। ਭਾਖੜਾ ਡੈਮ ਤੋਂ 26 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1623.99 ਫੁੱਟ ਸੀ। ਦੱਸਣਯੋਗ ਹੈ ਕਿ ਡੈਮ ਵਿੱਚ 1680 ਫੁੱਟ ਤੱਕ ਪਾਣੀ ਨੂੰ ਸਟੋਰ ਕੀਤਾ ਜਾ ਸਕਦਾ ਹੈ। ਜੇ ਪਾਣੀ ਦਾ ਪੱਧਰ ਇਸੇ ਤਰ੍ਹਾਂ ਵੱਧਦਾ ਗਿਆ ਤਾਂ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ ਤੇ ਪੰਜਾਬ ਵਿੱਚ ਹੜ੍ਹਾਂ ਵਰਗੇ ਹਾਲਤ ਪੈਦਾ ਹੋ ਸਕਦੇ ਹਨ।

Advertisement
×