‘ਬਰੇਨ ਡਰੇਨ’ ਦੇ ਰੁਝਾਨ ਨੂੰ ਪਿਆ ਪੁੱਠਾ ਗੇੜ: ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਪ੍ਰਮਾਣਿਤ ਪੇਸ਼ੇਵਰਾਂ ਨੂੰ ਸੂਚੀਬੱਧ ਕਰਨ ਲਈ ਨੀਤੀ (ਪੀਆਈਸੀਪੀ) ਲਾਂਚ ਕਰਦਿਆਂ ਕਿਹਾ ਕਿ ਇਹ ਨਵੀਂ ਪਹਿਲ ਪੰਜਾਬ ਨੂੰ ਦੇਸ਼ ਵਿੱਚ ਮੋਹਰੀ ਉਦਯੋਗਿਕ ਹੱਬ ਵਜੋਂ ਸਥਾਪਿਤ ਕਰੇਗੀ। ਇਹ ਨੀਤੀ ਉਦਯੋਗਿਕ ਵਿਕਾਸ ਲਈ ਲਾਹੇਵੰਦ ਹੈ ਜਿਸ ਨਾਲ ਸੂਬੇ ਦੀ ਤਰੱਕੀ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਭਰਪੂਰ ਮੌਕੇ ਪੈਦਾ ਕਰਨ ਲਈ ਉਦਯੋਗਿਕ ਵਿਕਾਸ ਨੂੰ ਵੱਧ ਤੋਂ ਵੱਧ ਹੁਲਾਰਾ ਦੇਣ ਵਾਸਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ‘ਬਰੇਨ ਡਰੇਨ’ ਦੇ ਰੁਝਾਨ ਨੂੰ ਪੁੱਠਾ ਗੇੜ ਪੈ ਗਿਆ ਹੈ ਅਤੇ ਪੰਜਾਬ ਵਿੱਚ ਹੁਣ ‘ਬਰੇਨ ਗੇਨ’ ਦਾ ਦੌਰ ਸ਼ੁਰੂ ਹੋ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਨੀਤੀ ਦਾ ਉਦੇਸ਼ ਵਾਤਾਵਰਨ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਉਦਯੋਗਾਂ ਲਈ ਰੈਗੂਲੇਟਰੀ ਪ੍ਰਵਾਨਗੀਆਂ ਦੀ ਪ੍ਰਕਿਰਿਆ ਨੂੰ ਵਧੇਰੇ ਸੁਚਾਰੂ ਬਣਾਉਣਾ ਹੈ। ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਰਾਈਟ-ਟੂ-ਬਿਜ਼ਨਸ ਐਕਟ ਤਹਿਤ 45 ਦਿਨਾਂ ਦੇ ਅੰਦਰ ਸਮਾਂਬੱਧ ਪ੍ਰਵਾਨਗੀਆਂ ਅਤੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਸਿਧਾਂਤਕ ਪ੍ਰਵਾਨਗੀਆਂ ਵਰਗੇ ਮੁੱਖ ਸੁਧਾਰ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਸੂਚੀਬੱਧ ਪੇਸ਼ਾਵਰਾਂ ਦੁਆਰਾ ਥਰਡ-ਪਾਰਟੀ ਪ੍ਰਮਾਣਿਕਤਾ ਲਈ ਢਾਂਚਾਗਤ ਅਤੇ ਪਾਰਦਰਸ਼ੀ ਪ੍ਰਣਾਲੀ ਪੇਸ਼ ਕਰਦੀ ਹੈ। ਇਨ੍ਹਾਂ ਪੇਸ਼ੇਵਰਾਂ ਵਿੱਚ ਮੁੱਖ ਤੌਰ ’ਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ, ਪ੍ਰਦੂਸ਼ਣ ਕੰਟਰੋਲ ਕਮੇਟੀਆਂ ਜਾਂ ਰਾਜ ਵਾਤਾਵਰਨ ਵਿਭਾਗਾਂ ਤੋਂ ਸੇਵਾਮੁਕਤ ਵਾਤਾਵਰਨ ਇੰਜਨੀਅਰ ਅਤੇ ਲੋੜੀਂਦੀ ਇੰਜਨੀਅਰਿੰਗ ਯੋਗਤਾ ਵਾਲੇ ਸੇਵਾਮੁਕਤ ਐਸੋਸੀਏਟ ਪ੍ਰੋਫੈਸਰ ਸ਼ਾਮਲ ਹਨ।