ਸਤਲੁਜ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਲੋਕਾਂ ਦੇ ਸਾਹ ਸੂਤੇ
ਮੀਂਹ ਪੈਣ ਮਗਰੋਂ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਇਲਾਕੇ ’ਚ ਵੱਸਦੇ ਲੋਕਾਂ ਦੇ ਸਾਹ ਸੂਤੇ ਗਏ ਹਨ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਜਾ ਕੇ ਐੱਨਡੀਆਰਐੱਫ ਦੀ ਟੀਮ ਨਾਲ ਮੌਕ ਡਰਿੱਲ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਉਨ੍ਹਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਸਰਹੱਦੀ ਪਿੰਡ ਢਾਣੀ ਸੱਦਾ ਦੇ ਰਹਿਣ ਵਾਲੇ ਸੋਨੂੰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਦੇ ਨਾਲ ਲੱਗਦੇ ਖੇਤਾਂ ਵਿੱਚ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਬਰਬਾਦ ਹੋ ਗਈ ਹੈ। ਜੇਕਰ ਪਾਣੀ ਦਾ ਪੱਧਰ ਇਸੇ ਤਰ੍ਹਾਂ ਵਧਦਾ ਗਿਆ ਤੇ ਉਨ੍ਹਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋਣ ਦਾ ਖ਼ਤਰਾ ਹੈ। ਦੋ ਪਾਸਿਓਂ ਪਾਕਿਸਤਾਨ ਤੇ ਤੀਜੇ ਪਾਸੇ ਸਤਲੁਜ ਦਰਿਆ ਨਾਲ ਘਿਰੇ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਸੰਮਣ ਸਿੰਘ ਨੇ ਦਰਿਆ ’ਚ ਵਧੇ ਪਾਣੀ ਨਾਲ ਹੋਏ ਨੁਕਸਾਨ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਝੋਨੇ ਦੀ ਫ਼ਸਲ ਤੇ ਪਸ਼ੂਆਂ ਦਾ ਚਾਰਾ ਸਤਲੁਜ ਦਰਿਆ ਦੇ ਪਾਣੀ ਨਾਲ ਬਰਬਾਦ ਹੋ ਗਿਆ ਹੈ। ਪਿੰਡ ਮਹਾਤਮ ਨਗਰ ਦੀ ਪਰਮਿੰਦਰ ਕੌਰ ਨੇ ਕਿਹਾ ਕਿ ਦੋ ਸਾਲ ਪਹਿਲਾਂ ਸਤਲੁਜ ’ਚ ਪਾਣੀ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਸਰਹੱਦੀ ਖੇਤਰ ਦੀ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਸੀ ਤੇ ਘਰ ਢਹਿ-ਢੇਰੀ ਹੋ ਗਏ ਸਨ। ਕਈ ਲੋਕਾਂ ਨੂੰ ਹਾਲੇ ਤੱਕ ਵੀ ਉਸ ਦਾ ਮੁਆਵਜ਼ਾ ਨਹੀਂ ਮਿਲਿਆ।
ਸਰਹੱਦੀ ਲੋਕਾਂ ਦੀ ਸਾਰ ਲੈਣ ਪਹੁੰਚੇ ਸੀਪੀਆਈ ਦੇ ਬਲਾਕ ਸਮਿਤੀ ਮੈਂਬਰ ਕਾਮਰੇਡ ਸ਼ਬੇਗ ਝੰਗੜਭੈਣੀ, ਰਾਜਵਿੰਦਰ ਨਿਉਲਾ ਤੇ ਸੀਤਾ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਕੀਕੀ ਸਥਿਤੀ ਜਾਣ ਕੇ ਸਰਹੱਦੀ ਖੇਤਰ ਦੇ ਲੋਕਾਂ, ਉਨ੍ਹਾਂ ਦੇ ਪਸ਼ੂਆਂ ਦੇ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਉਣ ਲਈ ਅਗਾਊਂ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ। ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਗੁਰਵੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਫਿਲਹਾਲ ਡੈਮਾਂ ਤੋਂ ਪਾਣੀ ਸਤਲੁਜ ’ਚ ਨਹੀਂ ਆ ਰਿਹਾ ਹੈ ਤੇ ਇਹ ਬਰਸਾਤੀ ਪਾਣੀ ਹੈ। ਮੁਹਾਰ ਜਮਸ਼ੇਰ ਪਿੰਡ ’ਚ ਵੀ ਦਰਿਆ ਦਾ ਪਾਣੀ ਨਹੀਂ ਆਇਆ ਹੈ। ਵਿਭਾਗ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਹੈ ਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਫਿਕਰ ਵਾਲੀ ਕੋਈ ਗੱਲ ਨਹੀਂ ਹੈ।