ਰੋਮਾਨੀਆ ’ਚ ਫੌਤ ਨੌਜਵਾਨ ਲਾਸ਼ ਭਾਰਤ ਪੁੱਜੀ
ਕੈਬਨਿਟ ਮੰਤਰੀ ਕਟਾਰੂਚੱਕ ਨੇ ਲਾਸ਼ ਵਤਨ ਮੰਗਵਾਉਣ ’ਚ ਕੀਤੀ ਸਹਾਇਤਾ, ਮ੍ਰਿਤਕ ਦੇਹ ਭਲਕੇ ਸ਼ਾਮ ਤੱਕ ਘਰ ਪੁੱਜਣ ਦੀ ਸੰਭਾਵਨਾ
ਪੰਜਾਬ ਸਰਕਾਰ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ ਰੋਮਾਨੀਆ ਵਿੱਚ ਮਾਰੇ ਗਏ ਪਠਾਨਕੋਟ ਦੇ 32 ਸਾਲਾ ਕੁਲਦੀਪ ਕੁਮਾਰ ਦੀ ਲਾਸ਼ ਵਾਪਸ ਲਿਆਉਣ ਵਿੱਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ।
ਕੁਲਦੀਪ ਕੁਮਾਰ ਜੋ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦਾ ਰਹਿਣ ਵਾਲਾ ਸੀ, ਐਸ.ਸੀ. ਸਟੇਰੀਟੋ ਐਸ.ਆਰ.ਐਲ. ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ। ਉਸ ਦੀ ਮੌਤ ਦੀ ਸੂਚਨਾ 3 ਅਕਤੂਬਰ ਨੂੰ ਉਸ ਦੇ ਸਹਿਕਰਮੀ ਸ਼ਮਸ਼ੇਰ ਸਿੰਘ (ਜੋ ਰੋਮਾਨੀਆ ਵਿੱਚ ਹੀ ਕੰਮ ਕਰਦਾ ਹੈ) ਵੱਲੋਂ ਪਰਿਵਾਰ ਨੂੰ ਦਿੱਤੀ ਗਈ।
ਪੰਜਾਬ ਸਰਕਾਰ ਦੇ ਐੱਨਆਰਆਈ ਮਾਮਲੇ ਵਿਭਾਗ, ਵਿਦੇਸ਼ ਮਾਮਲੇ ਮੰਤਰਾਲੇ ਅਤੇ ਰੋਮਾਨੀਆ ਵਿੱਚ ਭਾਰਤੀ ਦੂਤਾਵਾਸ ਦੇ ਸਾਂਝੇ ਉਪਰਾਲਿਆਂ ਨਾਲ ਪਰਿਵਾਰ ਨੂੰ ਦੁੱਖ ਘੜੀ ਵਿੱਚ ਵੱਡਾ ਸਹਿਯੋਗ ਮਿਲਿਆ ਹੈ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮ੍ਰਿਤਕ ਕੁਲਦੀਪ ਕੁਮਾਰ ਪੁੱਤਰ ਯਸ਼ ਪਾਲ ਵਾਸੀ ਸੁਜਾਨਪੁਰ ਦੀ ਲਾਸ਼ ਦਿੱਲੀ ਪੁੱਜ ਗਈ ਹੈ ਅਤੇ ਉਥੋਂ ਐਂਬੂਲੈਂਸ ਰਾਹੀਂ ਸੁਜਾਨਪੁਰ ਲਿਆਂਦੀ ਜਾ ਰਹੀ ਹੈ ਅਤੇ ਭਲਕੇ ਸ਼ਾਮ ਤੱਕ ਇੱਥੇ ਪੁੱਜਣ ਦੀ ਸੰਭਾਵਨਾ ਹੈ।
ਕੈਪਸ਼ਨ:ਮ੍ਰਿਤਕ ਕੁਲਦੀਪ ਕੁਮਾਰ ਦੀ ਫਾਈਲ ਫੋਟੋ।-ਫੋਟੋ:ਐਨ.ਪੀ.ਧਵਨ