ਕੈਨੇਡਾ ’ਚ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਲਾਸ਼ 18 ਦਿਨਾਂ ਬਾਅਦ ਪਿੰਡ ਪਹੁੰਚੀ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 7 ਜੁਲਾਈ
ਕੈਨੇਡਾ ਦੇ ਸਰੀ ਸ਼ਹਿਰ ’ਚ 19 ਜੂਨ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਵਾਲੇ ਨੇੜਲੇ ਪਿੰਡ ਬੀੜ ਅਹਿਮਦਾਬਾਦ ਦੇ 22 ਸਾਲਾ ਨੌਜਵਾਨ ਹਰਮਨਜੋਤ ਸਿੰਘ ਦੀ ਲਾਸ਼ ਅੱਜ 18 ਦਿਨਾਂ ਬਾਅਦ ਕੈਨੇਡਾ ਤੋਂ ਸਥਾਨਕ ਨੌਸ਼ਹਿਰਾ ਪਿੰਡ ਰਹਿੰਦੀ ਭੂਆ ਪਰਮਿੰਦਰ ਕੌਰ ਦੇ ਘਰ ਪਹੁੰਚੀ। ਜ਼ਿਕਰਯੋਗ ਹੈ ਕਿ ਹਰਮਨਜੋਤ ਸਿੰਘ ਢਾਈ ਕੁ ਸਾਲਾਂ ਦਾ ਹੀ ਸੀ ਜਦੋਂ ਉਸ ਦੀ ਮਾਂ ਮਨਜੀਤ ਕੌਰ ਅਤੇ ਪਿਤਾ ਅਮਨਦੀਪ ਸਿੰਘ ਦੀ ਮੌਤ ਹੋ ਗਈ ਸੀ। ਅੱਜ ਲਾਸ਼ ਪੁੱਜਣ ’ਤੇ ਹਰਮਨਦੀਪ ਸਿੰਘ ਸਸਕਾਰ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਮਨਜੋਤ ਸਿੰਘ ਦੇ ਮਾਮਾ ਧਰਮਿੰਦਰ ਸਿੰਘ ਚੱਕ ਸੇਖੂਪੁਰ ਕਲਾਂ ਨੇ ਦੱਸਿਆ ਕਿ ਹਰਮਨਜੋਤ ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਚੰਗੇ ਭਵਿੱਖ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਆਈਲੈਟਸ ’ਚੋਂ ਅੱਠ ਬੈਂਡ ਹਾਸਲ ਕਰ ਕੇ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪੀਆਰ ਦੀ ਉਡੀਕ ਵਿੱਚ ਵਰਕ ਪਰਮਿਟ ’ਤੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਰਹਿ ਰਿਹਾ ਸੀ। ਧਰਮਿੰਦਰ ਸਿੰਘ ਨੇ ਦੱਸਿਆ ਕਿ ਪੜ੍ਹਾਈ ਵਿੱਚੋਂ ਪੀਆਰ ਲਈ ਨੰਬਰ ਘਟ ਜਾਣ ਕਰ ਕੇ ਹਰਮਨਜੋਤ ਨਿਰਾਸ਼ ਸੀ। ਉਨ੍ਹਾਂ ਕਿਹਾ ਕਿ ਇਸੇ ਕਾਰਨ ਉਸ ਨੇ ਆਪਣੇ ਕਮਰੇ ਦੇ ਦਰਵਾਜ਼ੇ ਨਾਲ ਪਰਨਾ ਬੰਨ੍ਹ ਕੇ ਖ਼ੁਦਕੁਸ਼ੀ ਕਰ ਲਈ ਸੀ।