ਨਹਿਰ ਨੇੜਿਓਂ ਸ਼ੱਕੀ ਹਾਲਤ ’ਚ ਨੌਜਵਾਨ ਦੀ ਲਾਸ਼ ਮਿਲੀ
ਜਗਜੀਤ ਸਿੰਘ
ਮੁਕੇਰੀਆਂ, 11 ਫਰਵਰੀ
ਨੇੜਲੇ ਪਿੰਡ ਜਲਾਲਾ ਕੋਲ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਮ੍ਰਿਤਕ ਦੇ ਨੇੜਿਓਂ ਸਰਿੰਜ ਮਿਲੀ ਹੈ ਅਤੇ ਕਥਿਤ ਤੌਰ ’ਤੇ ਮ੍ਰਿਤਕ ਦੇ ਸਰੀਰ ’ਤੇ ਟੀਕਾ ਲੱਗਿਆ ਹੋਣ ਦਾ ਨਿਸ਼ਾਨ ਵੀ ਨਜ਼ਰ ਆਉਂਦਾ ਹੈ। ਰਾਜਪੂਤ ਸਭਾ ਦੇ ਆਗੂ ਬੈਨੀ ਮਿਨਹਾਸ ਅਤੇ ਸਰਪੰਚ ਬਲਵਿੰਦਰ ਸਿੰਘ ਜਲਾਲਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਫੱਤੂਵਾਲ ਜਲਾਲਾ ਸੜਕ ਕਿਨਾਰੇ ਪੈਂਦੀ ਸਿੰਜਾਈ ਨਹਿਰ ਕੋਲ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ, ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਲਾਸ਼ ਦੇ ਨੇੜੇ ਹੀ ਮੋਟਰਸਾਈਕਲ ਪਿਆ ਸੀ ਅਤੇ ਨੇੜੇ ਹੀ ਸਰਿੰਜ ਪਈ ਸੀ। ਮ੍ਰਿਤਕ ਦੇ ਸਰੀਰ ਉੱਤੇ ਟੀਕਾ ਲੱਗਿਆ ਹੋਣ ਦਾ ਨਿਸ਼ਾਨ ਵੀ ਨਜ਼ਰ ਆ ਰਿਹਾ ਸੀ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਮ੍ਰਿਤਕ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਨਾਲ ਹੋਈ ਹੋ ਸਕਦੀ ਹੈ। ਹਸਪਤਾਲ ਵਿੱਚ ਲਾਸ਼ ਲੈਣ ਪੁੱਜੇ ਮ੍ਰਿਤਕ ਦੇ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾ ਦਾ ਪੁੱਤਰ ਬੀਤੀ ਸ਼ਾਮ ਘਰੋਂ ਗਿਆ ਸੀ ਤੇ ਅੱਜ ਉਸ ਦੀ ਮੌਤ ਦੀ ਸੂਚਨਾ ਮਿਲੀ ਹੈ। ਐੱਸਐੱਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੇੜਿਓਂ ਪੁਲੀਸ ਨੂੰ ਕੋਈ ਸਰਿੰਜ ਨਹੀਂ ਮਿਲੀ। ਮ੍ਰਿਤਕ ਨੌਜਵਾਨ ਕੰਵਰ ਸਿੰਘ (34) ਵਾਸੀ ਆਸਿਫਪੁਰ (ਹਾਜੀਪੁਰ) ਦੇ ਪਿਤਾ ਰਾਜੇਸ਼ ਕੁਮਾਰ ਅਨੁਸਾਰ ਮ੍ਰਿਤਕ ਦਿਲ ਦਾ ਮਰੀਜ਼ ਸੀ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਭੇਤਭਰੀ ਹਾਲਤ ’ਚ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਦਾ ਸ਼ੱਕ
ਪਾਤੜਾਂ ( ਪੱਤਰ ਪ੍ਰੇਰਕ):
ਇੱਥੇ ਪਿੰਡ ਖਾਸਪੁਰ ਦੇ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ ਮਗਰੋਂ ਸ਼ਹਿਰ ਦੀ ਸੁੰਦਰ ਬਸਤੀ ਵਿੱਚ ਅੱਜ ਇੱਕ ਹੋਰ ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਮੁਹੱਲਾ ਵਾਸੀਆਂ ਨੂੰ ਸ਼ੱਕ ਹੈ ਕਿ ਇਹ ਮੌਤ ਵੀ ਓਵਰਡੋਜ਼ ਨਾਲ ਹੋਈ ਹੈ। ਵਾਰਡ ਨੰਬਰ 16 ਦੇ ਕੌਂਸਲਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੁੰਦਰ ਬਸਤੀ ਵਾਸੀ ਗੋਬਿੰਦ ਸਿੰਘ ਉਰਫ ਗੱਗੀ ਪਿਛਲੇ ਪੰਜ ਛੇ ਸਾਲਾਂ ਤੋਂ ਨਸ਼ਿਆਂ ਦਾ ਆਦੀ ਸੀ। ਸਿਹਤ ਖਰਾਬ ਹੋਣ ’ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਨੂੰ ਇਲਾਜ ਮਗਰੋਂ ਘਰ ਭੇਜ ਦਿੱਤਾ। ਦੁਪਹਿਰ ਸਮੇਂ ਉਸ ਦੀ ਮੌਤ ਹੋ ਗਈ।
ਨਸ਼ੇ ਕਾਰਨ ਬਰਕੰਦੀ ਦੇ ਨੌਜਵਾਨ ਦੀ ਮੌਤ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ):
ਨੇੜਲੇ ਪਿੰਡ ਬਰਕੰਦੀ ਵਾਸੀ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਥਾਣਾ ਸਦਰ ਪੁਲੀਸ ਨੇ ਦੋ ਔਰਤਾਂ ਸਣੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੱਪਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਵਿੰਦਰ ਆਪਣੇ ਦੋਸਤ ਅਰਸ਼ਦੀਪ ਸਿੰਘ ਨਾਲ ਨਸ਼ਾ ਕਰਦਾ ਸੀ। ਉਹ ਤੂੜੀ ਦੀਆਂ ਟਰਾਲੀਆਂ ਭਰਨ ਲਈ ਕੰਮ ’ਤੇ ਗਏ ਪਰ ਅਰਸ਼ਦੀਪ ਤਾਂ ਘਰ ਵਾਪਸ ਆ ਗਿਆ, ਜਦੋਂਕਿ ਗੁਰਵਿੰਦਰ ਸਿੰਘ ਵਾਪਸ ਨਾ ਆਇਆ। ਉਸ ਦੀ ਲਾਸ਼ ਪਿੰਡ ਲਾਗਿਓਂ ਲੰਘਦੀ ਛੋਟੀ ਨਹਿਰ ਕੋਲੋਂ ਮਿਲੀ। ਉਸ ਦੇ ਪੁੱਤਰ ਦੀ ਮੌਤ ਲਈ ਅਰਸ਼ਦੀਪ, ਮਨਜੂਰਾ ਦੇਵੀ, ਸ਼ਮੀਰ, ਰਜਨੀ, ਨਸੀਬ ਖਾਨ, ਪੱਪੂ ਕਥਿਤ ਤੌਰ ’ਤੇ ਜ਼ਿੰਮੇਵਾਰ ਹਨ।