ਬਲਾਕ ਸਮਿਤੀ ਚੋਣਾਂ: ਕਾਂਗਰਸੀ ਤੇ ਆਮ ਆਦਮੀ ਪਾਰਟੀ ਵਰਕਰਾਂ ਦਰਮਿਆਨ ਝੜਪ; ਤਿੰਨ ਜ਼ਖ਼ਮੀ
ਪਿੰਡ ਚਾਹੀਆ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ ’ਤੇ ਜਾਅਲੀ ਵੋਟ ਪਾਉਣ ਦਾ ਦੋਸ਼; ਨਵਾਂ ਪ੍ਰੀਜ਼ਾੲੀਡਿੰਗ ਅਫਸਰ ਲਾਇਆ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਦੋ ਥਾਈਂ ਵਿਵਾਦ ਤੋਂ ਇਲਾਵਾ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਹੋਈਆਂ। ਪਹਿਲੀ ਘਟਨਾ ਵਿੱਚ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਨੇ ਚਾਹੀਆ ਪਿੰਡ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ ਰਜਨੀ ਪ੍ਰਕਾਸ਼ 'ਤੇ ਜਾਅਲੀ ਵੋਟਾਂ ਪੋਲ ਕਰਨ ਦਾ ਦੋਸ਼ ਲਗਾਇਆ। ਪਿੰਡ ਵਿੱਚ ਵੋਟਿੰਗ ਇੱਕ ਘੰਟੇ ਲਈ ਰੋਕ ਦਿੱਤੀ ਗਈ। ਚੋਣ ਕਮਿਸ਼ਨ ਦੇ ਅਧਿਕਾਰੀ ਦੁਰਗਾ ਦਾਸ ਮੌਕੇ 'ਤੇ ਪਹੁੰਚੇ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਰਜਨੀ ਪ੍ਰਕਾਸ਼ ਨੂੰ ਪੋਲਿੰਗ ਬੂਥ ਤੋਂ ਹਟਾ ਦਿੱਤਾ ਅਤੇ ਇੱਕ ਨਵਾਂ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ।
ਦੂਸਰੀ ਘਟਨਾ ਵਿੱਚ ਸਾਧੂ ਚੱਕ ਪਿੰਡ ਵਿੱਚ ਬੂਥ ਨੰਬਰ 127 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਕਰਾਂ ਵਿਚਕਾਰ ਝੜਪ ਹੋਈ। ਦੋਵਾਂ ਪਾਸਿਆਂ ਤੋਂ ਇੱਕ ਦੂਸਰੇ ’ਤੇ ਕੁਰਸੀਆਂ ਸੁੱਟੀਆਂ ਗਈਆਂ। ਹਾਲਾਂਕਿ ਕਾਂਗਰਸੀ ਸਮਰਥਕ ਆਮ ਆਦਮੀ ਪਾਰਟੀ ’ਤੇ ਕਿਰਪਾਨਾਂ ਨਾਲ ਹਮਲਾ ਕਰਨ ਦਾ ਦੋਸ਼ ਵੀ ਲਗਾ ਰਹੇ ਹਨ। ਇਸ ਝੜਪ ਵਿੱਚ ਸਾਬਕਾ ਕਾਂਗਰਸੀ ਸਰਪੰਚ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਲਿਜਾਇਆ ਗਿਆ। ਮੌਕੇ ’ਤੇ ਪਹੁੰਚੇ ਐਸਪੀ ਜੁਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੂਥ ਨੰਬਰ 127 'ਤੇ ਕੁਝ ਬਾਹਰੀ ਲੋਕਾਂ ਨੇ ਹੰਗਾਮਾ ਕੀਤਾ ਹੈ। ਦੋਵਾਂ ਪਾਸਿਆਂ ਦੇ ਵਰਕਰਾਂ ਨੂੰ ਸਮਝਾ ਕੇ ਸਥਿਤੀ ਨੂੰ ਸ਼ਾਂਤ ਕੀਤਾ ਗਿਆ ਅਤੇ ਵੋਟਿੰਗ ਮੁੜ ਸ਼ੁਰੂ ਕਰਵਾਈ ਗਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਂਗਰਸ ਪਾਰਟੀ ਦੇ ਆਗੂ ਅਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ, ਜੋ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੇ, ਨੇ ਕਿਹਾ ਕਿ 'ਆਪ' ਵਰਕਰ ਲਗਾਤਾਰ ਗੁੰਡਾਗਰਦੀ ਕਰ ਰਹੇ ਹਨ। ਉਨ੍ਹਾਂ ਦੇ ਵਰਕਰਾਂ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਪੋਲਿੰਗ ਬੂਥ ਦੇ ਬਾਹਰ ਬੈਠੇ ਸਨ। ਉਨ੍ਹਾਂ ਕਿਹਾ ਕਿ 'ਆਪ' ਵਰਕਰਾਂ ਨੂੰ ਭਵਿੱਖ ਵਿੱਚ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਗੁੰਡਾਗਰਦੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

