ਚਰਨਜੀਤ ਭੁੱਲਰ
ਚੰਡੀਗੜ੍ਹ, 9 ਮਈ
ਪੰਜਾਬ ’ਚ ਲੰਘੀ ਰਾਤ ਕਈ ਘੰਟਿਆਂ ਲਈ ‘ਬਲੈਕਆਊਟ’ ਰਿਹਾ ਜਿਸ ਦੇ ਨਤੀਜੇ ਵਜੋਂ ਸੂਬੇ ਵਿੱਚ ਬਿਜਲੀ ਦੀ ਮੰਗ ’ਚ ਰਿਕਾਰਡ ਕਮੀ ਦਰਜ ਕੀਤੀ ਗਈ। ਵੀਰਵਾਰ ਦੀ ਸ਼ਾਮ 8 ਵਜੇ ਬਿਜਲੀ ਦੀ ਮੰਗ 8013 ਮੈਗਾਵਾਟ ਸੀ ਜੋ ਰਾਤ ਦੇ ਪੌਣੇ ਬਾਰਾਂ ਵਜੇ ਰਿਕਾਰਡ ਘੱਟ ਕੇ 1361 ਮੈਗਾਵਾਟ ਰਹਿ ਗਈ। ਭਾਰਤ ਤੇ ਪਾਕਿਸਤਾਨ ਦਰਮਿਆਨ ਫ਼ੌਜੀ ਤਣਾਅ ਕਾਰਨ ਲੰਘੀ ਰਾਤ ਸਮੁੱਚੇ ਪੰਜਾਬ ’ਚ ਦੋ ਘੰਟੇ ਲਈ ਬਲੈਕਆਊਟ ਰਿਹਾ। ਜਿਉਂ ਹੀ ਬਲੈਕਆਊਟ ਹੋਇਆ ਤਾਂ ਬਿਜਲੀ ਦੀ ਮੰਗ ਘਟਣੀ ਸ਼ੁਰੂ ਹੋ ਗਈ।
ਵੇਰਵਿਆਂ ਅਨੁਸਾਰ ਸਭ ਤੋਂ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ’ਚ 8.30 ਵਜੇ ਬਲੈਕਆਊਟ ਹੋਇਆ ਜਿਸ ਦੌਰਾਨ ਬਿਜਲੀ ਦੀ ਮੰਗ ਘੱਟ ਕੇ 5229 ਮੈਗਾਵਾਟ ਰਹਿ ਗਈ। ਹੌਲੀ ਹੌਲੀ ਸਾਰੇ ਜ਼ਿਲ੍ਹਿਆਂ ਵਿੱਚ ਬਲੈਕਆਊਟ ਹੋ ਗਿਆ। ਸਵਾ ਦਸ ਵਜੇ ਤੱਕ 14 ਜ਼ਿਲ੍ਹਿਆਂ ਵਿੱਚ ਮੁਕੰਮਲ ਬਲੈਕਆਊਟ ਹੋ ਚੁੱਕਾ ਸੀ ਜਦੋਂ ਕਿ ਸਾਢੇ ਗਿਆਰਾਂ ਵਜੇ ਪੂਰਾ ਪੰਜਾਬ ਬਲੈਕਆਊਟ ਸੀ। ਪੌਣੇ ਬਾਰਾਂ ਵਜੇ ਬਿਜਲੀ ਦੀ ਮੰਗ ਘੱਟ ਕੇ 1361 ਮੈਗਾਵਾਟ ਰਹਿ ਗਈ। ਪਾਵਰਕੌਮ ਲਈ ਸਰਪਲੱਸ ਬਿਜਲੀ ਨਾਲ ਨਜਿੱਠਣਾ ਪਿਆ। ਇਸ ਕਾਰਨ ਪਾਵਰਕੌਮ ਨੂੰ ਰਾਤ ਨੂੰ 2100 ਮੈਗਾਵਾਟ ਬਿਜਲੀ 3.16 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਵੇਚਣੀ ਪਈ।
ਮਈ ਮਹੀਨੇ ਦੇ ਪਹਿਲੇ ਦਿਨਾਂ ’ਚ ਪੰਜਾਬ ਵਿੱਚ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਤੋਂ ਉਪਰ ਵੀ ਰਹੀ ਹੈ। ਚੰਡੀਗੜ੍ਹ ਵਿੱਚ ਵੀ ਦੋ ਘੰਟੇ ਲਈ ਬਲੈਕਆਊਟ ਰਿਹਾ। ਭਾਰਤ ਨੇ ਲੰਘੀ ਰਾਤ ਹੀ ਦੇਸ਼ ਦੇ ਉੱਤਰੀ ਤੇ ਪੱਛਮੀ ਖੇਤਰਾਂ ਦੇ ਕਰੀਬ 15 ਸ਼ਹਿਰਾਂ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਕਈ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਜਿਨ੍ਹਾਂ ’ਚ ਪੰਜਾਬ ਦੇ ਜਲੰਧਰ, ਕਪੂਰਥਲਾ, ਆਦਮਪੁਰ, ਬਠਿੰਡਾ ਤੇ ਅੰਮ੍ਰਿਤਸਰ ਆਦਿ ਸ਼ਾਮਲ ਹਨ। ਲੰਘੀ ਰਾਤ ਜਦੋਂ ਹਵਾਈ ਹਮਲੇ ਦੀ ਚਿਤਾਵਨੀ ਦੇਣ ਲਈ ਸਾਇਰਨ ਵਜਾਏ ਗਏ ਤਾਂ ਉਸ ਵੇਲੇ ਬਲੈਕਆਊਟ ਕੀਤਾ ਗਿਆ। ਪਾਵਰਕੌਮ ਵੱਲੋਂ ਤਾਪ ਬਿਜਲੀ ਘਰਾਂ ਲਈ ਸਮੁੱਚੇ ਇੰਤਜ਼ਾਮ ਕੀਤੇ ਹੋਏ ਹਨ ਅਤੇ ਕੋਲਾ ਭੰਡਾਰ ਵੀ ਮੁਕੰਮਲ ਹੈ। ਪੰਜਾਬ ਭਰ ’ਚ ਕਰੀਬ 25 ਦਿਨਾਂ ਦਾ ਔਸਤਨ ਕੋਲਾ ਭੰਡਾਰ ਹੈ।
ਗੋਇੰਦਵਾਲ ਪਲਾਂਟ ਵਿੱਚ 34 ਦਿਨਾਂ ਦਾ, ਲਹਿਰਾ ਮੁਹੱਬਤ ਤਾਪ ਬਿਜਲੀ ਘਰ ਵਿੱਚ ਕੋਲੇ ਦਾ ਸਟਾਕ 27 ਦਿਨਾਂ ਦਾ, ਰੋਪੜ ਥਰਮਲ ਪਲਾਂਟ ਵਿੱਚ 39 ਦਿਨਾਂ ਦਾ, ਰਾਜਪੁਰਾ ਪਲਾਂਟ ਵਿੱਚ 26 ਦਿਨਾਂ ਲਈ ਅਤੇ ਤਲਵੰਡੀ ਸਾਬੋ ਤਾਪ ਬਿਜਲੀ ਘਰ ’ਚ 13 ਦਿਨਾਂ ਦਾ ਕੋਲਾ ਸਟਾਕ ਪਿਆ ਹੈ।
ਕੋਲਾ ਸਪਲਾਈ ਜਾਰੀ ਰਹੇਗੀ
ਅੱਜ ਚਰਚੇ ਸਨ ਕਿ ਰੇਲਵੇ ਵਿਭਾਗ ਵੱਲੋਂ ਭਾਰਤ ਪਾਕਿਸਤਾਨ ਦਰਮਿਆਨ ਤਣਾਅ ਦੇ ਚੱਲਦਿਆਂ ਅਗਲੇ ਤਿੰਨ ਦਿਨਾਂ ਲਈ ਕੋਲਾ ਲੋਡ ਨਹੀਂ ਕੀਤਾ ਜਾਵੇਗਾ। ਪਾਵਰਕੌਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਰੇਲਵੇ ਨੇ ਤਾਪ ਬਿਜਲੀ ਘਰਾਂ ਦਾ ਕੋਲਾ ਲੋਡ ਕਰਨ ਤੋਂ ਕੋਈ ਮਨਾਹੀ ਨਹੀਂ ਕੀਤੀ ਹੈ ਅਤੇ ਪਹਿਲਾਂ ਵਾਂਗ ਹੀ ਪੰਜਾਬ ਦੇ ਤਾਪ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਜਾਰੀ ਰਹੇਗੀ।