ਬੀਕੇਯੂ ਆਜ਼ਾਦ ਵੱਲੋਂ ਡੀਸੀ ਦਫਤਰਾਂ ਅੱਗੇ ਧਰਨੇ ਦੇਣ ਦਾ ਐਲਾਨ
ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇੇ ਸਾਮਾਨ ਦੀ ਚੋਰੀ ਕਰਕੇ ਹੋਏ ਨੁਕਸਾਨ ਦੀ ਭਰਪਾਈ ਲਈ ਲਿਆ ਫੈਸਲਾ; ਇਕੱਲੇ ਸ਼ੰਭੂ ਮੋਰਚੇ ’ਤੇ ਪੌਣੇ ਚਾਰ ਕਰੋੜ ਦੇ ਨੁਕਸਾਨ ਦਾ ਦਾਅਵਾ
ਕਿਸਾਨਾਂ ਵੱਲੋਂ 17 ਤੇ 18 ਦਸੰਬਰ ਨੂੰ ਪੰਜਾਬ ਦੇ ਡੀਸੀ ਦਫਤਰਾਂ ਅੱਗੇ ਧਰਨੇ ਲਗਾ ਕੇ ਸ਼ੰਭੂ ਤੇ ਖਨੌਰੀ ਬਾਰਡਰ ਉੱਪਰ ਹੋਏ ਕਿਸਾਨਾਂ ਦੇ ਨੁਕਸਾਨ ਦੀ ਮੰਗ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਨੇ ਫੇਸਬੁੱਕ ਉੱਪਰ ਪੋਸਟ ਸਾਂਝੀ ਕਰਦੇ ਹੋਏ ਉਕਤ ਐਲਾਨ ਕੀਤਾ ਤੇ ਲਿਖਿਆ ਕਿ ਮੰਗਾਂ ਨਾ ਮੰਨੇ ਜਾਣ ’ਤੇ 19 ਦਸੰਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ।
ਜਥੇਬੰਦੀ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦੇ ਸ਼ੰਭੂ ਅਤੇ ਖਨੌਰੀ ਮੋਰਚੇ ਨੂੰ ਜਦੋਂ ਸਰਕਾਰ ਨੇ ਜਬਰੀ ਖਦੇੜਿਆ ਤਾਂ ਵੱਡੀ ਗਿਣਤੀ ਕਿਸਾਨਾਂ ਦੀ ਟਰਾਲੀਆਂ ਤੇ ਹੋਰ ਕਾਫੀ ਸਾਮਾਨ ਦੀ ਚੋਰੀ ਹੋਈ ਤੇ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਸ਼ੰਭੂ ਮੋਰਚੇ ਉਪਰ ਨੁਕਸਾਨ ਦੀ ਰਕਮ ਪੌਣੇ ਚਾਰ ਕਰੋੜ ਹੈ। ਦੂਜੇ ਪਾਸੇ ਖਨੌਰੀ ਬਾਰਡਰ ਵੱਲ ਹੋਏ ਨੁਕਸਾਨ ਦੀ ਸੂਚੀ ਤਾਂ ਬਣ ਗਈ ਹੈ ਪਰ ਅਜੇ ਇੱਕ ਟੀਮ ਉਸ ਦੀ ਪੁਖਤਾ ਪੜਤਾਲ ਕਰ ਰਹੀ ਹੈ ਤਾਂ ਕਿ ਇੱਕ ਰੁਪਏ ਦੇ ਵੀ ਦਾਅਵੇ ਨੂੰ ਝੁਠਲਾਇਆ ਨਾ ਜਾ ਸਕੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਨਾਭਾ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੀ ਸਰਕਾਰੀ ਰਿਹਾਇਸ਼ ਦੀ ਜ਼ਮੀਨ ਵਿਚੋਂ ਟਰਾਲੀਆਂ ਦਾ ਸਾਮਾਨ ਮਿਲਣ ਉਪਰੰਤ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਦਾ ਦੋਸ਼ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਚੋਰੀ ਦੇ ਮੁਲਜ਼ਮ ਉੱਪਰ ਅਜੇ ਤੱਕ ਠੋਸ ਕਾਰਵਾਈ ਨਹੀਂ ਹੋਈ। ਲੌਂਗੋਵਾਲ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਵਿੱਚ ਬਿਜਲੀ ਬਿੱਲ ਦਾ ਵਿਰੋਧ, ਕਿਸਾਨਾਂ ਉੱਪਰ ਦਰਜ ਕੇਸ ਰੱਦ ਕਰਾਉਣਾ ਤੇ ਹੋਰ ਵੀ ਮੁੱਖ ਏਜੰਡੇ ਹਨ ਜਿਨ੍ਹਾਂ ਦਾ ਰਸਮੀ ਐਲਾਨ ਵੀ ਕੀਤਾ ਜਾਵੇਗਾ।

