DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਛੋਟੇ ਭਾਈਵਾਲ ਵਾਲੀ ਭੂਮਿਕਾ ਨਹੀਂ ਨਿਭਾਵੇਗੀ ਭਾਜਪਾ: ਜਾਖੜ

ਆਪਣੇ ਦਮ ’ਤੇ ਲੜਾਈ ਲੜਨ ਦਾ ਕੀਤਾ ਐਲਾਨ; ਭਾਜਪਾ ਨੂੰ ਅਕਾਲੀਆਂ ਦੇ ਬਰਾਬਰ ਦੀ ਸਿਆਸੀ ਧਿਰ ਦੱਸਿਆ
  • fb
  • twitter
  • whatsapp
  • whatsapp
featured-img featured-img
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖਡ਼ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਸੀਨੀਅਰ ਭਾਜਪਾ ਆਗੂ। -ਫੋਟੋ: ਿਨਤਿਨ ਿਮੱਤਲ
Advertisement

* ਅਹੁਦਾ ਸੰਭਾਲਣ ਮੌਕੇ ਸੱਤਾਧਾਰੀ ਧਿਰ ’ਤੇ ਵੀ ਸੇਧੇ ਨਿਸ਼ਾਨੇ

ਦਵਿੰਦਰ ਪਾਲ

ਚੰਡੀਗੜ੍ਹ, 11 ਜੁਲਾਈ

Advertisement

ਭਾਜਪਾ ਦੇ ਨਵੇਂ ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਦੋ ਵਿਰੋਧੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਨਿਸ਼ਾਨੇ ਸੇਧੇ। ਪ੍ਰਧਾਨਗੀ ਸੰਭਾਲਣ ਮਗਰੋਂ ਆਪਣੇ ਸੰਬੋਧਨ ’ਚ ਸ੍ਰੀ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਦਿਆਂ ਕਿਹਾ ਕਿ ਭਾਜਪਾ ਇਸ ਵੇਲੇ ਸੂਬੇ ਵਿੱਚ ਛੋਟੇ ਭਰਾ ਦੀ ਹੈਸੀਅਤ ਵਾਲੀ ਪਾਰਟੀ ਨਹੀਂ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਇਹ ਸੋਚ ਤਿਆਗਣੀ ਪਵੇਗੀ ਕਿ ਭਾਜਪਾ ਪਹਿਲਾਂ ਵਾਂਗ ਛੋਟੇ ਭਾਈਵਾਲ ਵਜੋਂ ਭੂਮਿਕਾ ਨਿਭਾਏਗੀ। ‘ਭਾਜਪਾ ਹੁਣ ਆਪਣੇ ਦਮ ’ਤੇ ਸਿਆਸੀ ਲੜਾਈ ਲੜਨ ਦੇ ਸਮਰੱਥ ਹੈ।

ਚੰਡੀਗੜ ਵਿੱਚ ਪ੍ਰਧਾਨਗੀ ਅਹੁਦਾ ਸੰਭਾਲਣ ਮਗਰੋਂ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ। -ਫੋਟੋ: ਨਿਤਨਿ ਮਿੱਤਲ
ਚੰਡੀਗੜ ਵਿੱਚ ਪ੍ਰਧਾਨਗੀ ਅਹੁਦਾ ਸੰਭਾਲਣ ਮਗਰੋਂ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ। -ਫੋਟੋ: ਨਿਤਨਿ ਮਿੱਤਲ

ਭਾਜਪਾ ਲਈ ਪੰਜਾਬ ਦੀ ਸਿਆਸੀ ਲੜਾਈ ਮਹਿਜ਼ 13 ਸੰਸਦੀ ਸੀਟਾਂ ਜਾਂ 117 ਵਿਧਾਨ ਸਭਾ ਸੀਟਾਂ ਤੱਕ ਸੀਮਤ ਨਹੀਂ ਰਹਿ ਗਈ ਹੈ ਸਗੋਂ ਸੂਬੇ ਨੂੰ ਪੈਰਾਂ ਸਿਰ ਖੜ੍ਹੇ ਕਰਨ ਦੀ ਵੀ ਜ਼ਿੰਮੇਵਾਰੀ ਹੈ।’ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਸਾਰਿਆਂ ਨੇ ਰਲ ਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਤੇ ਖੁਸ਼ਹਾਲ ਬਣਾਉਣਾ ਹੈ। ਸੂਬੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੋਣ ਅਤੇ ਕਾਨੂੰਨ ਵਿਵਸਥਾ ਲੀਹੋਂ ਲੱਥਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਨਾਲ ਸਿਆਸੀ ਬਦਲਾਅ ਲਿਆਂਦਾ ਸੀ ਪਰ ਉਹ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਜਦੋਂ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਇੰਟਰਵਿਊ ਦੇ ਕੇ ਸਿਸਟਮ ਨੂੰ ਚੁਣੌਤੀ ਦੇ ਰਹੇ ਹੋਣ ਤਾਂ ਹਾਲਾਤ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੌਮੀ ਪ੍ਰਧਾਨ ਜੇ ਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਬਣਾ ਕੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਹ ਜ਼ਿੰਮੇਵਾਰੀ ਸਿਰਫ਼ ਸੁਨੀਲ ਜਾਖੜ ਨੂੰ ਹੀ ਨਹੀਂ ਸਗੋਂ ਪੰਜਾਬ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਅਤੇ ਵਰਕਰਾਂ ਨੂੰ ਵੀ ਸੌਂਪੀ ਗਈ ਹੈ।’’ ਜਾਖੜ ਨੇ ਕਿਹਾ ਕਿ ਭਾਜਪਾ ਵਰਕਰਾਂ ਦੀ ਤਾਕਤ ਪ੍ਰਧਾਨ ਬਣੇਗਾ ਅਤੇ ਵਿਰੋਧੀ ਧਿਰਾਂ ਨੂੰ ਭਾਜਪਾ ਦੇ ਵਰਕਰ ਆਪਣੀ ਹੋਂਦ ਦਾ ਅਹਿਸਾਸ ਕਰਵਾ ਦੇਣਗੇ। ਪਾਰਟੀ ਆਗੂਆਂ ਵਿੱਚ ਨਾਰਾਜ਼ਗੀ ਹੋਣ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਰੁੱਸਿਆਂ ਨੂੰ ਮਨਾ ਕੇ ਪਾਰਟੀ ਨੂੰ ਅੱਗੇ ਵਧਾਇਆ ਜਾਵੇਗਾ। ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਨੇ ਬੜੇ ਔਖੇ ਸਮੇਂ ਵਿੱਚ ਪਾਰਟੀ ਨੂੰ ਸੰਭਾਲਿਆ ਸੀ। ਇਸ ਮੌਕੇ ਪਾਰਟੀ ਦੇ ਸੂਬਾਈ ਮਾਮਲਿਆਂ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਕੁਮਾਰ ਰੂਪਾਣੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਗੁਰਮੀਤ ਸਿੰਘ ਰਾਣਾ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਫਤਿਹਜੰਗ ਬਾਜਵਾ, ਡਾ. ਚਰਨਜੀਤ ਸਿੰਘ ਅਟਵਾਲ, ਅਵਨਿਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ, ਹਰਜੀਤ ਗਰੇਵਾਲ, ਰਾਜੇਸ਼ ਬਾਘਾ, ਮੁਕੇਰੀਆਂ ਦੇ ਵਿਧਾਇਕ ਜੰਗੀ ਲਾਲ ਮਹਾਜਨ ਆਦਿ ਮੌਜੂਦ ਸਨ।

ਸਮਾਗਮ ਵਿੱਚ ਟਕਸਾਲੀਆਂ ਦੀ ਨਾਰਾਜ਼ਗੀ ਝਲਕੀ

ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਅਹੁਦਾ ਸੰਭਾਲਣ ਮੌਕੇ ਭਾਜਪਾ ਦੇ ਟਕਸਾਲੀ ਆਗੂਆਂ ਅਤੇ ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਭਗਵਾ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਦਰਮਿਆਨ ਪਾੜਾ ਸਪੱਸ਼ਟ ਤੌਰ ’ਤੇ ਦਿਖਾਈ ਦਿੱਤਾ। ਸ੍ਰੀ ਜਾਖੜ ਕਿਉਂਕਿ ਕੱਟੜ ਕਾਂਗਰਸੀ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧਤ ਹਨ, ਇਸ ਲਈ ਮੰਚ ’ਤੇ ਸਾਬਕਾ ਕਾਂਗਰਸੀ ਆਗੂ ਨਵੇਂ ਅੰਦਾਜ਼ ਅਤੇ ਰੌਂਅ ’ਚ ਦਿਖਾਈ ਦੇ ਰਹੇ ਸਨ ਜਦੋਂ ਕਿ ਟਕਸਾਲੀ ਭਾਜਪਾਈਆਂ ’ਚ ਨਿਰਾਸ਼ਾ ਝਲਕ ਰਹੀ ਸੀ। ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੈਰ-ਹਾਜ਼ਰੀ ਵੀ ਚਰਚਾ ਦਾ ਕੇਂਦਰ ਰਹੀ। ਭਾਜਪਾ ਦੇ ਇੱਕ ਹੋਰ ਪੁਰਾਣੇ ਆਗੂ ਹਰਜੀਤ ਗਰੇਵਾਲ ਨੇ ਸਟੇਜ ਤੋਂ ਹੀ ਕਹਿ ਦਿੱਤਾ ਕਿ ਪਾਰਟੀ ਆਗੂਆਂ ਵਿੱਚ ਨਾਰਾਜ਼ਗੀ ਹੈ।

Advertisement
×