ਭਾਜਪਾ ਨੂੰ ਦਿੱਲੀ ’ਚ ਪੰਜਾਬ ਦਾ ਧੂੰਆਂ ਦਿਖਦੈ: ਮਾਨ
ਮੁੱਖ ਮੰਤਰੀ ਨੇ 858 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਪੰਜਾਬ ਦਿਵਸ ਮੌਕੇ ਚੰਡੀਗੜ੍ਹ ਸਥਿਤ ਮਿਉਂਸਿਪਲ ਭਵਨ ਵਿੱਚ ਵੱਖ-ਵੱਖ ਵਿਭਾਗਾਂ ’ਚ ਨਵੇਂ ਭਰਤੀ ਹੋਏ 858 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਅਗਵਾਈ ਵਾਲੀ ਸਰਕਾਰ ਨੇ ਸਾਢੇ ਤਿੰਨ ਸਾਲਾਂ ’ਚ 56,856 ਸਰਕਾਰੀ ਨੌਕਰੀਆਂ ਦੇ ਕੇ ਰਿਕਾਰਡ ਬਣਾਇਆ ਹੈ। ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਅਣਗੌਲਿਆ ਕਰ ਦਿੱਤਾ ਸੀ, ਜਿਸ ਕਾਰਨ ਨੌਜਵਾਨਾਂ ਨੇ ਪੰਜਾਬ ਵਿੱਚ ਰਹਿਣ ਦੀ ਥਾਂ ਵਿਦੇਸ਼ਾਂ ਵਿੱਚ ਤੇਜ਼ੀ ਨਾਲ ਪਰਵਾਸ ਕੀਤਾ ਹੈ ਪਰ ਉਨ੍ਹਾਂ ਦੀ ਸਰਕਾਰ ਸਮੇਂ ਨੌਜਵਾਨ ਵਿਦੇਸ਼ਾਂ ਵਿੱਚੋਂ ਵਾਪਸ ਆ ਕੇ ਪੰਜਾਬ ਵਿੱਚ ਨੌਕਰੀਆਂ ਕਰਨ ਲੱਗ ਪਏ ਹਨ। ਸ੍ਰੀ ਮਾਨ ਨੇ ਕਿਹਾ ਕਿ ਕੇਂਦਰ ਵਿੱਚ ਕਾਬਜ਼ ਭਾਜਪਾ ਦੀ ਸਰਕਾਰ ਵੱਲੋਂ ਸਾਜ਼ਿਸ਼ ਤਹਿਤ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹ ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਨੂੰ ਕਸੂਰਵਾਰ ਕਰਾਰ ਦੇ ਰਹੇ ਹਨ, ਜਦੋਂ ਕਿ ਉਹ ਭੁੱਲ ਜਾਂਦੇ ਹਨ ਕਿ ਹਰਿਆਣਾ ਸੂਬਾ ਪੰਜਾਬ ਅਤੇ ਕੌਮੀ ਰਾਜਧਾਨੀ ਦੇ ਵਿਚਕਾਰ ਪੈਂਦਾ ਹੈ, ਫਿਰ ਵੀ ਉਸ ’ਤੇ ਕੋਈ ਉਂਗਲ ਨਹੀਂ ਉਠਾ ਰਹੇ ਹਨ। ਉਨ੍ਹਾਂ ਨੇ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਨੂੰ ਪੁੱਛਿਆ ਕਿ ਮੌਜੂਦਾ ਸਮੇਂ ਦਿੱਲੀ ਦਾ ਏ ਕਿਊ ਆਈ ‘ਮਾੜੀ’ ਸ਼੍ਰੇਣੀ ਵਿੱਚ ਕਿਉਂ ਹੈ, ਜਦਕਿ ਪੰਜਾਬ ਵਿੱਚ ਤਾਂ ਪਰਾਲੀ ਸਾੜੀ ਹੀ ਨਹੀਂ ਜਾ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਨਸ਼ਿਆਂ ਦੇ ਵਪਾਰ ਦੀ ਸਰਪ੍ਰਸਤੀ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਇਹ ਆਗੂ ਨਾ ਸਿਰਫ ਸੂਬੇ ਭਰ ਵਿੱਚ ਨਸ਼ਿਆਂ ਦੇ ਵਪਾਰ ਨੂੰ ਸਰਪ੍ਰਸਤੀ ਦਿੰਦੇ ਸਨ, ਸਗੋਂ ਆਪਣੀਆਂ ਸਰਕਾਰੀ ਸਰਕਾਰੀ ਗੱਡੀਆਂ ਵਿੱਚ ਵੀ ਨਸ਼ੇ ਸਪਲਾਈ ਕਰਦੇ ਸਨ।

